ਚੰਡੀਗੜ੍ਹ: 'ਇਸ਼ਕਜ਼ਾਦੇ' ਅਦਾਕਾਰਾ ਪਰਿਣੀਤੀ ਚੋਪੜਾ ਮੰਨੋਰੰਜਨ ਜਗਤ ਵਿੱਚ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤ ਆਵਾਜ਼ ਲਈ ਵੀ ਜਾਣੀ ਜਾਂਦੀ ਹੈ। ਫਿਲਮਾਂ 'ਚ ਅਦਾਕਾਰੀ ਦੇ ਨਾਲ-ਨਾਲ ਪਰਿਣੀਤੀ ਗੀਤ ਵੀ ਗਾਉਂਦੀ ਹੈ। ਲੋਕ ਅਦਾਕਾਰਾ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦੀ ਸੁਰੀਲੀ ਆਵਾਜ਼ ਦੇ ਵੀ ਦੀਵਾਨੇ ਹਨ।
ਪਰਿਣੀਤੀ ਨੇ 'ਮੇਰੀ ਪਿਆਰੀ ਬਿੰਦੂ' ਦੇ ਗੀਤ 'ਮਾਨਾ ਕੀ ਹਮ ਯਾਰ ਨਹੀਂ' ਅਤੇ ਕੇਸਰੀ ਦੇ ਗੀਤ 'ਤੇਰੀ ਮਿੱਟੀ' ਵਰਗੇ ਖੂਬਸੂਰਤ ਗੀਤ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਹਨ, ਚੋਪੜਾ ਦੀ ਇੱਕ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਚੋਪੜਾ ਨੇ ਇੱਕ ਹੋਰ ਗੀਤ ਗਾਇਆ ਹੈ।
ਜੀ ਹਾਂ...ਹਾਲ ਹੀ ਵਿੱਚ ਪਰਿਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਪਰਿਣੀਤੀ ਬਹੁਤ ਹੀ ਖੂਬਸੂਰਤ ਪੰਜਾਬੀ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵਾਰ ਪਰਿਣੀਤੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਖੂਬਸੂਰਤ ਗੀਤ 'ਦਿਲਦਾਰੀਆਂ' ਗਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰਿੰਦਰ ਗਿੱਲ ਦਾ ਗੀਤ 'ਦਿਲਦਾਰੀਆਂ' ਸਾਲ 2005 ਵਿੱਚ ਆਈ ਐਲਬਮ ਦਾ ਹੈ। ਪਰਿਣੀਤੀ ਨੇ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਇੰਨੀ ਖੂਬਸੂਰਤੀ ਨਾਲ ਗਾਇਆ ਹੈ ਕਿ ਤੁਸੀਂ ਕੁਝ ਪਲਾਂ ਲਈ ਉਸ ਦੀ ਆਵਾਜ਼ 'ਚ ਗੁਆਚ ਜਾਓਗੇ।
ਪਰਿਣੀਤੀ ਦੀ ਆਵਾਜ਼ ਬਹੁਤ ਸੁਰੀਲੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰਿਣੀਤੀ ਨੂੰ ਪੰਜਾਬੀ ਗੀਤ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਅਦਾਕਾਰਾ ਇਨ੍ਹਾਂ ਗੀਤਾਂ ਨੂੰ ਉੱਚੀ ਆਵਾਜ਼ 'ਚ ਗਾਉਂਦੀ ਹੈ, ਜਿਸ ਕਾਰਨ ਇਹ ਗੀਤ ਦਿਲ ਨੂੰ ਛੂਹ ਜਾਂਦੇ ਹਨ। ਅਦਾਕਾਰਾ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਵੀਡੀਓ 'ਤੇ ਟਿੱਪਣੀ ਕਰਦਿਆਂ ਇੱਕ ਨੇ ਲਿਖਿਆ, "ਪਸੰਦੀਦਾ ਗੀਤ, ਪਸੰਦੀਦਾ ਵਿਅਕਤੀ", ਜਦਕਿ ਦੂਜੇ ਨੇ ਲਿਖਿਆ, "ਮੈਨੂੰ ਅਮਰਿੰਦਰ ਪਾਜੀ ਦਾ ਇਹ ਗੀਤ ਬਹੁਤ ਪਸੰਦ ਹੈ, ਇਹ ਮੈਨੂੰ ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ।"
ਕੁਝ ਦਿਨ ਪਹਿਲਾਂ ਪਰਿਣੀਤੀ ਨੇ ਲਤਾ ਮੰਗੇਸ਼ਕਰ ਦਾ 'ਰਹੇ ਨਾ ਰਹੇ' ਗੀਤ ਬਹੁਤ ਖੂਬਸੂਰਤੀ ਨਾਲ ਗਾਇਆ ਸੀ। ਲੋਕਾਂ ਵੱਲੋਂ ਮਿਲੇ ਪਿਆਰ ਕਾਰਨ ਪਰਿਣੀਤੀ ਅਕਸਰ ਆਪਣੀ ਖੂਬਸੂਰਤ ਆਵਾਜ਼ 'ਚ ਗੀਤ ਗਾਉਂਦੇ ਹੋਏ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਚੋਪੜਾ ਦਿਲਜੀਤ ਦੁਸਾਂਝ ਨਾਲ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿੱਚ ਹੈ, ਫਿਲਮ ਬਾਰੇ ਜਲਦੀ ਨਵੇਂ ਅਪਡੇਟ ਆਉਣਗੇ।