ਮੁੰਬਈ: ਗੁਜਰਾਤ 'ਚ ਹਲਚਲ ਪੂਰੇ ਜ਼ੋਰਾਂ 'ਤੇ ਹੈ। ਇਸ ਦੌਰਾਨ ਸੂਬੇ 'ਚ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰ ਰਹੇ ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਪਰੇਸ਼ ਰਾਵਲ ਦੇ ਸੋਸ਼ਲ ਮੀਡੀਆ 'ਤੇ ਦਿੱਤੇ ਬਿਆਨ ਨੇ ਖਲਬਲੀ ਮਚਾ ਦਿੱਤੀ ਹੈ। ਕਈ ਯੂਜ਼ਰਸ ਨੇ ਪਰੇਸ਼ ਰਾਵਲ ਦੇ ਵਿਵਾਦਿਤ ਬਿਆਨ ਨੂੰ ਬੰਗਾਲੀਆਂ 'ਤੇ ਹਮਲਾ ਅਤੇ ਅਸ਼ਲੀਲ ਭਾਸ਼ਾ ਕਰਾਰ ਦਿੱਤਾ। ਇਸ ਤੋਂ ਬਾਅਦ ਅਦਾਕਾਰ ਨੇ ਮੁਆਫੀਨਾਮਾ ਲਿਖ ਕੇ ਕਿਹਾ ਕਿ ਉਨ੍ਹਾਂ ਦਾ ਬਿਆਨ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਬਾਰੇ ਸੀ।
ਦੱਸ ਦੇਈਏ ਕਿ ਉਨ੍ਹਾਂ ਨੇ ਕਿਹਾ ਸੀ ਕਿ ਗੁਜਰਾਤ ਦੇ ਲੋਕ ਮਹਿੰਗਾਈ ਨੂੰ ਬਰਦਾਸ਼ਤ ਕਰਨਗੇ ਪਰ ਗੁਆਂਢੀ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਨੂੰ ਨਹੀਂ। ਇਸ ਬਿਆਨ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਉਸ ਨੇ ਮੁਆਫੀ ਮੰਗ ਲਈ ਹੈ। ਪਰੇਸ਼ ਰਾਵਲ ਨੇ ਮੰਗਲਵਾਰ ਨੂੰ ਵਲਸਾਡ 'ਚ ਕਿਹਾ ਸੀ, 'ਗੈਸ ਸਿਲੰਡਰ ਮਹਿੰਗੇ ਹਨ ਪਰ ਕੀਮਤਾਂ ਘੱਟ ਜਾਣਗੀਆਂ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਪਰ ਕੀ ਹੋਵੇਗਾ ਜਦੋਂ ਰੋਹਿੰਗਿਆ ਸ਼ਰਨਾਰਥੀ ਅਤੇ ਬੰਗਲਾਦੇਸ਼ੀ ਤੁਹਾਡੇ ਆਲੇ-ਦੁਆਲੇ ਦਿੱਲੀ ਵਾਂਗ ਰਹਿਣ ਲੱਗ ਪੈਣ। ਤੁਸੀਂ ਗੈਸ ਸਿਲੰਡਰ ਦਾ ਕੀ ਕਰੋਗੇ? ਕੀ ਤੁਸੀਂ ਬੰਗਾਲੀਆਂ ਲਈ ਮੱਛੀ ਪਕਾਓਗੇ?'