ਚੰਡੀਗੜ੍ਹ: ਭਾਰਤੀ ਸੰਗੀਤ ਉਦਯੋਗ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਅਤੇ ਗਲੋਬਲ ਸੰਗੀਤ ਬਾਜ਼ਾਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਹੈ। ਵਿਭਿੰਨ ਸ਼ੈਲੀਆਂ ਅਤੇ ਭਾਸ਼ਾਵਾਂ ਦੇ ਨਾਲ ਭਾਰਤੀ ਸੰਗੀਤ ਉਦਯੋਗ ਨੇ ਦੁਨੀਆ ਭਰ ਵਿੱਚ ਕੁਝ ਸਭ ਤੋਂ ਵੱਡੇ ਹਿੱਟ ਅਤੇ ਪ੍ਰਤਿਭਾਸ਼ਾਲੀ ਸੰਗੀਤਕਾਰ ਦਿੱਤੇ ਹਨ। ਇਹ ਉਦਯੋਗ 2023 ਵਿੱਚ ਹੋਰ ਵਧਦੇ ਰਹਿਣਗੇ ਅਤੇ ਇਹ ਭਾਰਤ ਵਿੱਚ ਚੋਟੀ ਦੀਆਂ ਸੰਗੀਤ ਕੰਪਨੀਆਂ ਦੇ ਯਤਨਾਂ ਦੇ ਕਾਰਨ ਹੈ।
ਇਸ ਤਰ੍ਹਾਂ ਭਾਰਤੀ ਸੰਗੀਤ ਉਦਯੋਗ, ਪੀਪੀਐਲ, ਆਈਐਮਆਈ ਵੱਲੋਂ ਨਟਰਾਜ਼ ਮਿਊਜ਼ਿਕ ਇੰਡੀਆ ਦੇ ਸਹਿਯੋਗ ਨਾਲ ਉਤਰੀ ਭਾਰਤ ਦਾ ਇਕ ਵਿਸ਼ੇਸ਼ ਅਤੇ ਵੱਡਾ ਸੰਗੀਤ ਸੰਮੇਲਨ ਚੰਡੀਗੜ੍ਹ ਦੇ ਹੋਟਲ ਤਾਜ਼ ਵਿਖੇ ਕਰਵਾਇਆ ਗਿਆ।
ਜਿਸ ਵਿਚ ਪੰਜਾਬੀ, ਹਿੰਦੀ ਸੰਗੀਤ ਇੰਡਸਟਰੀ ਦੀ ਪ੍ਰਤੀਨਿਧਤਾ ਕਰ ਰਹੀਆਂ ਅਤੇ ਉਤਰੀ ਭਾਰਤ ਸੰਬੰਧਤ ਕਈ ਸੰਗੀਤ ਲੇਬਲਜ਼ ਕੰਪਨੀਜ਼ ਦਾ ਪ੍ਰਬੰਧਨ ਸੰਭਾਲ ਰਹੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਯੂਟਿਊਬ ਅਤੇ ਸ੍ਰਟੀਮਿੰਗ ਸਾਈਟਸ ਵਿਚ ਪੰਜਾਬੀ, ਹਿੰਦੀ ਸੰਗੀਤ ਦੇ ਭਵਿੱਖ ਬਾਰੇ ਅਤੇ ਇਸ ਖਿੱਤੇ ਨੂੰ ਹੋਰ ਉਭਾਰਨ ਅਤੇ ਬੇਹਤਰੀ ਲਈ ਕੀਤੇ ਜਾ ਸਕਦੇ ਯਤਨਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਸਮੇਂ ਸੰਗੀਤ ਉਦਯੋਗ ਨੂੰ ਦਰਪੇਸ਼ ਆ ਰਹੀ ਕੁਝ ਮੁਸ਼ਕਲਾਂ ਵੱਲ ਵੀ ਨਜ਼ਰਸਾਨੀ ਕੀਤੀ ਗਈ ਅਤੇ ਇਸ ਸੰਬੰਧੀ ਕੁਝ ਉਚੇਚੇ ਯਤਨ ਕੀਤੇ ਜਾਣ ਸੰਬੰਧੀ ਸਹਿਮਤੀ ਵੀ ਬਣਾਈ ਗਈ। ਉਕਤ ਸੰਗੀਤ ਚਰਚਾ ਸਮਾਰੋਹ ਦਾ ਹਿੱਸਾ ਬਣਨ ਵਾਲਿਆਂ ਵਿਚ 'ਸਾ ਰੇ ਗਾ ਮਾ ਐਚਐਮਵੀ ਦੇ ਪ੍ਰੈਜੀਡੇਂਟ ਵਿਕਰਮ ਮਹਿਰਾ, ਜੀ.ਬੀ ਅਇਯਰ ਐਮਡੀ ਅਤੇ ਸੀਈਓ, ਫੋਨੋਗ੍ਰਾਫ਼ਿਕ ਪਰਫਾਰਮੈਂਸ ਲਿਮਿਟਡ, ਇੰਡੀਆਂ ਪੀਪੀਐਲ, ਦਿਨੇਸ਼ ਸਪੀਡ ਰਿਕਾਰਡ-ਟਾਇਮਜ਼ ਮਿਊਜ਼ਿਕ, ਬਲੇਜ਼ ਫਰਨਾਡਿਜ਼ ਪ੍ਰੈਜੀਡੈਂਟ ਅਤੇ ਸੀਈਓ ਭਾਰਤੀ ਸੰਗੀਤ ਉਦਯੋਗ ਆਈਐਮਆਈ, ਨਿਤਿਨ ਅਰੋੜਾ ਐਮਡੀ ਨਟਰਾਜ਼ ਮਿਊਜ਼ਿਕ ਇੰਡੀਆਂ, ਓਮਪਾਲ ਮਿਊਜਿਕ ਕੰਪਨੀ ਤੋਂ ਮਿਸਟਰ ਸ਼ਰਮਾ, ਆਡਿਓ ਫਿਲੀਕਸ ਤੋਂ ਅਜੇ ਸਹੋਤਾ, ਜਿਯਾ ਟੀਵੀ, ਰਾਜੇਸ਼ ਗਰਗ ਡਿਪਸ ਡਿਜੀਟਲ, ਆਰਿਆ ਵੀਰ ਆਰਿਆ ਸ਼ਸ਼ੀ ਫ਼ਿਲਮਜ਼ ਅਤੇ ਕਈ ਹੋਰ ਉਦਯੋਗ ਨੁਮਾਇੰਦੇ ਆਦਿ ਸ਼ਾਮਿਲ ਸਨ।
ਉਕਤ ਸੰਗੀਤ ਸੰਮੇਲਨ ਦਾ ਹਿੱਸਾ ਬਣੀਆਂ ਸਖ਼ਸ਼ੀਅਤਾਂ ਅਨੁਸਾਰ ਮੌਜੂਦਾ ਸਮੇਂ ਦੀ ਚਾਲ ਅਨੁਸਾਰ ਸੰਗੀਤ ਅਤੇ ਇਸ ਖਿੱਤੇ ਵਿਚ ਨਵੇਂ ਮਿਊਜ਼ਿਕ ਬਦਲਾਅ ਦੀ ਲੋੜ੍ਹ ਹਮੇਸ਼ਾ ਪੈਂਦੀ ਰਹਿੰਦੀ ਹੈ, ਜਿਸ ਸੰਬੰਧੀ ਸਮੇਂ ਸਮੇਂ ਚਰਚਾ ਅਤੇ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਵੀ ਬੇਹੱਦ ਜ਼ਰੂਰੀ ਹਨ ਅਤੇ ਇਸੇ ਮੱਦੇਨਜ਼ਰ ਭਾਰਤੀ ਸੰਗੀਤ ਉਦਯੋਗ, ਪੀਪੀਐਲ, ਆਈਐਮਆਈ ਅਜਿਹੇ ਚਰਚਾ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ, ਜਿਸ ਦਾ ਸਿਲਸਿਲਾ ਅੱਗੇ ਵੀ ਬਾਦਸਤੂਰ ਜਾਰੀ ਰੱਖਿਆ ਜਾਵੇਗਾ। ਕਿਉਂਕਿ ਸੰਗੀਤ ਹਰ ਕਿਸੇ ਦੀ ਰੂਹ ਨੂੰ ਖੁਸ਼ ਕਰਨ ਵਾਲਾ ਇੱਕ ਚੰਗਾ ਹਥਿਆਰ ਹੈ।
ਇਹ ਵੀ ਪੜ੍ਹੋ:Inderjit Nikku: ਇੰਦਰਜੀਤ ਨਿੱਕੂ ਨੇ ਪੂਰੀ ਕੀਤੀ ਨਵੇਂ ਗੀਤ ਦੀ ਵੀਡੀਓ ਸ਼ੂਟਿੰਗ, ਜਲਦ ਹੋਵੇਗਾ ਜਾਰੀ