ਹੈਦਰਾਬਾਦ:ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ ਓ ਮਾਈ ਗੌਡ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਨਿਰਮਾਤਾਵਾਂ ਨੇ ਅੱਜ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਓ ਮਾਈ ਗੌਡ 2 ਦਾ ਟੀਜ਼ਰ ਫਿਲਮ ਦੇ ਰਿਲੀਜ਼ ਹੋਣ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ 'ਚ ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਵਾਰ ਪਰੇਸ਼ ਰਾਵਲ ਦੀ ਥਾਂ ਪੰਕਜ ਤ੍ਰਿਪਾਠੀ ਨੂੰ ਨਾਸਤਕ ਵਜੋਂ ਨਹੀਂ ਸਗੋਂ ਆਸਤਕ ਵਜੋਂ ਪੇਸ਼ ਕੀਤਾ ਗਿਆ ਹੈ। ਟੀਜ਼ਰ ਦੇ ਬੈਕਗ੍ਰਾਊਡ 'ਚ ਪੰਕਜ ਤ੍ਰਿਪਾਠੀ ਫਿਲਮ ਨੂੰ Introduce ਕਰ ਰਹੇ ਹਨ ਅਤੇ ਦੂਜੇ ਪਾਸੇ ਅਕਸ਼ੈ ਕੁਮਾਰ ਦਾ ਮਹਾਦੇਵ ਕਿਰਦਾਰ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ।
ਫਿਲਮ 'ਓ ਮਾਈ ਗੌਡ 2' ਨੂੰ ਲੈ ਕੇ ਲੋਕਾਂ ਨੇ ਦਿੱਤੀ ਸੀ ਇਹ ਚਿਤਾਵਨੀ: ਅਕਸ਼ੈ ਕੁਮਾਰ ਦੀ ਫਿਲਮ 'ਓ ਮਾਈ ਗੌਡ 2' ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਹਾਲ ਹੀ 'ਚ ਅਕਸ਼ੇ ਕੁਮਾਰ ਦੀ ਇਸ ਫਿਲਮ ਦੀਆਂ ਕੁਝ ਝਲਕੀਆਂ ਵੀ ਸਾਹਮਣੇ ਆਈਆਂ ਸਨ, ਜਿਸ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਸਲਾਹ ਦਿੱਤੀ ਸੀ। ਲੋਕਾਂ ਨੇ ਚਿਤਾਵਨੀਆਂ ਦਿੱਤੀਆਂ ਸੀ ਕਿ ਪਿਛਲੀ ਫਿਲਮ (OMG) ਨੂੰ ਅਸੀਂ ਬਰਦਾਸ਼ਤ ਕੀਤਾ ਸੀ ਪਰ ਇਸ ਵਾਰ ਜੇਕਰ ਧਰਮ ਦਾ ਮਜ਼ਾਕ ਉਡਾਇਆ ਗਿਆ ਤਾਂ ਇਹ ਸਹੀ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਅਕਸ਼ੇ ਕੁਮਾਰ ਨੇ ਆਪਣੀ ਫਿਲਮ OMG2 ਦੀ ਇੱਕ ਕਲਿੱਪ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਅਕਸ਼ੈ ਸ਼ਿਵ ਦੇ ਅਵਤਾਰ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਦੱਸਿਆ ਸੀ ਕਿ ਫਿਲਮ ਦਾ ਟੀਜ਼ਰ ਮੰਗਲਵਾਰ 11 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਅਕਸ਼ੇ ਦੀ ਇਸ ਵੀਡੀਓ 'ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਚਿਤਾਵਨੀਆਂ ਦਿੱਤੀਆਂ। ਲੋਕਾਂ ਨੇ ਸਾਫ਼ ਕਿਹਾ ਕਿ ਫਿਲਮ ਵਿੱਚ ਸਨਾਤਨ ਧਰਮ ਨਾਲ ਮਜ਼ਾਕ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।