ਹੈਦਰਾਬਾਦ: ਪੈਨ ਇੰਡੀਆ ਮਿਥਿਹਾਸਕ ਫਿਲਮ 'ਆਦਿਪੁਰਸ਼' ਦੀ ਰਿਲੀਜ਼ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। 6 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਫਿਲਮ ਦਾ ਪ੍ਰੀ-ਰਿਲੀਜ਼ ਇਵੈਂਟ ਹੋਇਆ, ਜਿੱਥੇ ਫਿਲਮ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਓਮ ਰਾਉਤ, ਅਦਾਕਾਰ ਪ੍ਰਭਾਸ ਅਤੇ ਅਦਾਕਾਰਾ ਕ੍ਰਿਤੀ ਸੈਨਨ ਪਹੁੰਚੇ। ਇੱਥੇ 'ਆਦਿਪੁਰਸ਼' ਦੀ ਸਟਾਰਕਾਸਟ ਨੇ ਫਿਲਮ ਦਾ ਫਾਈਨਲ ਟ੍ਰੇਲਰ ਵੀ ਲਾਂਚ ਕੀਤਾ।
ਇਸ ਦੇ ਨਾਲ ਹੀ 7 ਜੂਨ ਦੀ ਸਵੇਰ ਨੂੰ ਫਿਲਮ ਦੀ ਟੀਮ ਤਿਰੁਮਾਲਾ ਵੈਂਕਟੇਸ਼ਵਰ ਮੰਦਰ ਪਹੁੰਚੀ। ਇੱਥੇ ਮੰਦਿਰ ਦੇ ਬਾਹਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਿਰਦੇਸ਼ਕ ਓਮ ਰਾਉਤ ਅਦਾਕਾਰਾ ਕ੍ਰਿਤੀ ਸੈਨਨ ਦੀਆਂ ਗੱਲ੍ਹਾਂ 'ਤੇ ਚੁੰਮਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਆਲੇ-ਦੁਆਲੇ ਦੇ ਲੋਕਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਮੰਦਰ ਦੇ ਖੇਤਰ ਵਿੱਚ ਇਸ ਹਰਕਤ 'ਤੇ ਇਤਰਾਜ਼ ਜਤਾਉਂਦੇ ਹੋਏ ਨਿਰਦੇਸ਼ਕ ਅਤੇ ਅਦਾਕਾਰਾ ਦੀ ਨਿੰਦਾ ਕੀਤੀ ਹੈ।
ਦੱਸ ਦਈਏ ਕਿ ਕ੍ਰਿਤੀ ਸੈਨਨ ਫਿਲਮ 'ਆਦਿਪੁਰਸ਼' 'ਚ ਮਾਂ ਸੀਤਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਅਤੇ ਫਿਰ ਅਦਾਕਾਰਾ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਹਰਕਤ ਨੂੰ ਲੈ ਕੇ ਲੋਕਾਂ 'ਚ ਰੋਸ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਤਿਰੁਮਾਲਾ ਮੰਦਰ ਦੇ ਸੇਵਨ ਹਿਲਸ ਦੇ ਵੈਂਕਟੇਸ਼ਵਰ ਸਵਾਮੀ ਦੀ ਅਰਚਨਾ ਸੇਵਾ ਵਿੱਚ ਹਿੱਸਾ ਲਿਆ ਸੀ। ਓਮ ਰਾਉਤ ਨੇ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਆਈ ਕ੍ਰਿਤੀ ਸੈਨਨ ਨੂੰ ਚੁੰਮਿਆ ਅਤੇ ਗਲੇ ਲਗਾਇਆ।
ਇਸ ਤੋਂ ਬਾਅਦ ਅਦਾਕਾਰਾ ਕਾਰ 'ਚ ਬੈਠ ਕੇ ਚਲੀ ਗਈ। ਓਮ ਅਤੇ ਕ੍ਰਿਤੀ ਦੀ ਇਸ ਹਰਕਤ 'ਤੇ ਲੋਕ ਗੁੱਸੇ 'ਚ ਹਨ। ਲੋਕਾਂ ਦਾ ਕਹਿਣਾ ਹੈ ਕਿ ਮੰਦਰ ਨੇੜੇ ਇਸ ਤਰ੍ਹਾਂ ਦੀ ਹਰਕਤ ਨਾਲ ਉਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਅਤੇ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਪੱਛਮੀ ਸੱਭਿਆਚਾਰ ਹੈ, ਜੋ ਬਾਲੀਵੁੱਡ ਵਿੱਚ ਬਹੁਤ ਆਮ ਹੋ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੰਗਲਵਾਰ ਸ਼ਾਮ ਨੂੰ ਸਵਾਮੀ ਦੇ ਸਥਾਨ 'ਤੇ ਫਿਲਮ ਦਾ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਅੱਜ (7 ਜੂਨ) ਸਵੇਰੇ ਨਿਰਦੇਸ਼ਕ ਓਮ ਰਾਉਤ, ਕ੍ਰਿਤੀ ਸੈਨਨ ਅਤੇ ਹੋਰ ਸਵਾਮੀ ਦਾ ਆਸ਼ੀਰਵਾਦ ਲੈਣ ਪਹੁੰਚੇ। ਤੁਹਾਨੂੰ ਦੱਸ ਦੇਈਏ ਫਿਲਮ 16 ਜੂਨ ਨੂੰ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ 'ਚ ਰਿਲੀਜ਼ ਹੋਣ ਜਾ ਰਹੀ ਹੈ।