ਹੈਦਰਾਬਾਦ:ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਜਵਾਨ' ਇਕ ਹੋਰ ਮੀਲ ਪੱਥਰ ਹਾਸਲ ਕਰਨ ਦੇ ਰਾਹ 'ਤੇ ਖੜੀ ਹੈ। 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਆਪਣੀ ਰਿਲੀਜ਼ ਦੇ ਸੱਤਵੇਂ ਦਿਨ ਭਾਰਤ 'ਚ 350 ਕਰੋੜ ਦੇ ਕਲੱਬ ਨੂੰ ਪਾਰ ਕਰ ਸਕਦੀ ਹੈ।
ਐਟਲੀ ਦੁਆਰਾ ਨਿਰਦੇਸ਼ਤ ਐਕਸ਼ਨ ਫਿਲਮ ਜਵਾਨ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਵਿਸ਼ਵ ਪੱਧਰ 'ਤੇ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਫਿਲਮ ਹਿੰਦੀ ਭਾਸ਼ਾ ਦੀਆਂ ਫਿਲਮਾਂ ਦੇ ਲਗਭਗ ਸਾਰੇ ਪਿਛਲੇ ਰਿਕਾਰਡ ਤੋੜਦੀ ਜਾ ਰਹੀ ਹੈ।
ਇੰਡਸਟਰੀ ਟਰੈਕਰ ਸੈਕਨਿਲਕ ਦੀ ਇੱਕ ਰਿਪੋਰਟ ਦੇ ਅਨੁਸਾਰ ਕਿੰਗ ਖਾਨ ਸਟਾਰਰ ਫਿਲਮ (Jawan 7 Day Box Office) ਨੇ ਆਪਣੇ ਰਿਲੀਜ਼ ਵਾਲੇ ਦਿਨ ਸਾਰੀਆਂ ਭਾਸ਼ਾਵਾਂ ਵਿੱਚ ਭਾਰਤ ਦੇ ਬਾਕਸ ਆਫਿਸ ਉਤੇ 75 ਕਰੋੜ ਰੁਪਏ ਕਮਾਏ ਹਨ। ਫਿਲਮ ਨੇ ਦੂਜੇ ਅਤੇ ਤੀਜੇ ਦਿਨ ਬਾਕਸ ਆਫਿਸ 'ਤੇ ਕ੍ਰਮਵਾਰ 53.23 ਰੁਪਏ ਅਤੇ 77.83 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਚੌਥੇ ਦਿਨ ਯਾਨੀ ਐਤਵਾਰ ਨੂੰ 'ਜਵਾਨ' ਨੇ ਬਾਕਸ ਆਫਿਸ 'ਤੇ 80.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪੰਜਵੇਂ ਅਤੇ ਛੇਵੇਂ ਦਿਨ ਇਹ ਅੰਕੜੇ ਥੋੜ੍ਹਾ ਘਟੇ ਹਨ ਅਤੇ ਕ੍ਰਮਵਾਰ 30.5 ਰੁਪਏ ਅਤੇ 27.22 ਕਰੋੜ ਰੁਪਏ ਇਕੱਠੇ ਕੀਤੇ ਹਨ।
ਜਵਾਨ ਦੀ 7ਵੇਂ ਦਿਨ ਦੀ ਕਮਾਈ:ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਫਿਲਮ ਆਪਣੇ ਸੱਤਵੇਂ ਦਿਨ 21.62 ਕਰੋੜ ਰੁਪਏ ਦਾ ਕਾਰੋਬਾਰ (Jawan box office collection day 7) ਕਰ ਸਕਦੀ ਹੈ, ਜਿਸ ਨਾਲ ਘਰੇਲੂ ਬਾਕਸ ਆਫਿਸ 'ਤੇ ਕੁੱਲ 367.92 ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਵਾਨ ਦੇ ਬਾਕਸ ਆਫਿਸ ਕਲੈਕਸ਼ਨ 'ਚ 7ਵੇਂ ਦਿਨ 20.57% ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
'ਜਵਾਨ' ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਐਕਸ਼ਨ ਥ੍ਰਿਲਰ ਵਿੱਚ ਸ਼ਾਹਰੁਖ ਖਾਨ ਦੇ ਨਾਲ ਸਾਊਥ ਸਟਾਰ ਵਿਜੇ ਸੇਤੂਪਤੀ, ਨਯਨਤਾਰਾ, ਸਾਨਿਆ ਮਲਹੋਤਰਾ ਅਤੇ ਪ੍ਰਿਆਮਣੀ ਮੁੱਖ ਭੂਮਿਕਾਵਾਂ ਵਿੱਚ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੱਕ ਖਾਸ ਕੈਮਿਓ ਵਿੱਚ ਨਜ਼ਰ ਆਈ ਹੈ। ਫਿਲਮ ਦੀ ਸ਼ੂਟਿੰਗ ਪੂਨੇ, ਮੁੰਬਈ, ਹੈਦਰਾਬਾਦ, ਚੇੱਨਈ, ਰਾਜਸਥਾਨ ਅਤੇ ਔਰੰਗਾਬਾਦ ਵਿੱਚ ਹੋਈ ਸੀ।