ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮੰਨੋਰੰਜਨ ਉਦਯੋਗ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਪਰਿਵਾਰਿਕ ਅਤੇ ਸਾਹਿਤਕ ਲਘੂ ਫਿਲਮਾਂ ਬਣਾਉਣ ’ਚ ਮੋਹਰੀ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਭਗਵੰਤ ਕੰਗ ਹੁਣ ਐਕਸਪੈਰੀਮੈਂਟਲ ਸਿਨੇਮਾ ਦੀ ਸਿਰਜਨਾ ਵੱਲ ਰੁਖ਼ ਕਰ ਰਹੇ ਹਨ, ਜੋ ਇਸੇ ਸਿਲਸਿਲੇ ਅਧੀਨ ਅਪਣੀ ਨਵੀਂ ਲਘੂ ਫਿਲਮ 'ਬਾਕੀ ਸਫ਼ਾ ਪੰਜ ‘ਤੇ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਜੋ ਅਗਲੇ ਦਿਨ੍ਹੀਂ ਸੈੱਟ 'ਤੇ ਜਾ ਰਹੀ ਹੈ।
‘ਫ਼ਿਲਮੀ ਅੱਡਾ’ ਦੇ ਬੈਨਰ ਅਧੀਨ ਅਤੇ ਨਿਰਮਾਤਾ ਪਰਮਜੀਤ ਸਿੰਘ ਨਾਗਰ ਦੁਆਰਾ ਬਣਾਈ ਜਾ ਰਹੀ ਇਹ ਫਿਲਮ ਨਾਵਲਕਾਰ ਰੂਪ ਸਿੰਘ 'ਤੇ ਆਧਾਰਿਤ ਹੋਵੇਗੀ, ਜਿਸ ਦੇ ਸਹਿ ਨਿਰਮਾਤਾ ਲਖਵਿੰਦਰ ਜਟਾਣਾ ਹਨ। ਮੂਲ ਰੂਪ ਵਿਚ ਰੁੜਕਾਂ ਕਲਾਂ ਨਾਲ ਸੰਬੰਧਤ ਅਤੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਇਹ ਹੋਣਹਾਰ ਨਿਰਦੇਸ਼ਕ ਲਘੂ ਫਿਲਮਾਂ ਨੂੰ ਅਲਹਦਾ ਅਤੇ ਮਿਆਰੀ ਰੂਪ ਦੇਣਾ ਪਸੰਦ ਕਰਦੇ ਹਨ, ਜਿੰਨ੍ਹਾਂ ਅਨੁਸਾਰ ਲਕੀਰ ਦਾ ਫ਼ਕੀਰ ਬਣਨਾ ਉਨਾਂ ਦੀ ਕਦੀ ਵੀ ਸੋਚ ਨਹੀਂ ਰਹੀ ਅਤੇ ਇਹੀ ਕਾਰਨ ਹੈ ਕਿ ਉਨਾਂ ਦੀ ਹਰ ਫਿਲਮ ਨੂੰ ਉਨ੍ਹਾਂ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਦਾ ਹੈ, ਜੋ ਕੁਝ ਵੱਖਰਾ ਅਤੇ ਨਿਵੇਕਲਾ ਵੇਖਣ ਦੀ ਤਾਂਘ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਸ਼ੁਰੂ ਹੋਣ ਜਾ ਰਹੀ ਉਨਾਂ ਦੀ ਨਵੀਂ ਫਿਲਮ ਵੀ ਬਹੁਤ ਹੀ ਪ੍ਰਭਾਵੀ ਕਹਾਣੀ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਰੰਗਮੰਚ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਨਵੇਂ ਕਲਾਕਾਰਾਂ ਨੂੰ ਵੀ ਹਰ ਵਾਰ ਦੀ ਤਰ੍ਹਾਂ ਇਸ ਫਿਲਮ ਵਿਚ ਪੂਰੀ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲਘੂ ਫਿਲਮਾਂ ਵੇਖਣ ਵਾਲੇ ਦਰਸ਼ਕਾਂ ਨੂੰ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਇਆ ਜਾ ਸਕੇ।