ਚੰਡੀਗੜ੍ਹ: ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬੀ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਗਾਇਕਾਂ 'ਚੋਂ ਇੱਕ ਆਪਣੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਦੇਣਗੇ। ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਗਾਇਕ ਦੀ ਗੱਲ ਕਰ ਰਹੇ ਹਨ, ਜੀ ਹਾਂ, ਅਸੀਂ ਮਰਹੂਮ ਗਾਇਕ ਰਾਜ ਬਰਾੜ ਦੀ ਗੱਲ ਕਰ ਰਹੇ ਹਾਂ। ਸਿਰਫ਼ 44 ਸਾਲ ਉਮਰ ਵਿੱਚ ਸਾਨੂੰ ਅਲਵਿਦਾ ਕਹਿਣ ਵਾਲੇ ਇਹ ਗਾਇਕ ਅੱਜ ਵੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਹਨ।
ਉਲੇਖਯੋਗ ਹੈ ਕਿ 3 ਜਨਵਰੀ ਨੂੰ ਗਾਇਕ ਦਾ ਜਨਮ ਦਿਨ ਆ ਰਿਹਾ ਹੈ, ਪਰਿਵਾਰ ਹਰ ਸਾਲ ਗਾਇਕ ਦੇ ਜਨਮਦਿਨ ਉਤੇ ਕੋਈ ਨਾ ਕੋਈ ਨੇਕ ਕੰਮ ਕਰਦੇ ਹਨ। ਇਸ ਵਾਰ ਵੀ ਪਰਿਵਾਰ ਸਰਕਾਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਦਿੰਦੇ ਨਜ਼ਰ ਪੈਣਗੇ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਮਰਹੂਮ ਗਾਇਕ ਦੀ ਗਾਇਕਾ ਬੇਟੀ ਸਵੀਤਾਜ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਲਿਖਿਆ, 'ਰਾਜ ਬਰਾੜ ਜੀ ਦੀ ਨਿੱਘੀ ਯਾਦ...ਆਪਣੇ ਸਾਰਿਆਂ ਦੇ ਪਿਆਰੇ ਰਾਜ ਬਰਾੜ ਜੀ ਦੀ ਨਿੱਘੀ ਯਾਦ ਵਿੱਚ ਆਪਾਂ ਹਰ ਸਾਲ ਸਹਿਜ ਪਾਠ ਕਰਵਾਉਂਦੇ ਹਾਂ ਅਤੇ ਲੋੜਵੰਦਾਂ ਦੀ ਕਿਸੇ ਨਾ ਕਿਸੇ ਤਰੀਕੇ ਮਦਦ ਕੀਤੀ ਜਾਂਦੀ ਹੈ, ਜਿਵੇਂ ਪਿਛਲੇ ਕੁਝ ਸਾਲਾਂ ਤੋਂ ਅੱਖਾਂ ਦੇ ਮਾਹਰ ਡਾਕਟਰਾਂ ਦੀ ਸਲਾਹ ਨਾਲ ਐਨਕ ਅਤੇ ਦਵਾਈ ਮੁਹੱਈ ਕਰਵਾਈ ਜਾਂਦੀ ਸੀ ਪਰ ਇਸ ਸਾਲ ਕਿਸੇ ਵਜਾਹ ਕਰਕੇ ਇਹ ਨਹੀਂ ਕਰ ਰਹੇ ਪਰ ਇਸ ਸਾਲ ਬਰਾੜ ਸਾਹਬ ਜੀ ਦੀ ਯਾਦ ਵਿੱਚ 10000 ਰੁਪਏ ਸਰਕਾਰੀ ਪ੍ਰਇਮਰੀ ਸਕੂਲ ਮੱਲਕੇ ਦੇ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਲਈ ਹਰ ਸਾਲ ਦੀ ਤਰਾਂ ਦਿੱਤੇ ਜਾਣਗੇ।'
ਸਵੀਤਾਜ ਬਰਾੜ ਨੇ ਅੱਗੇ ਲਿਖਿਆ, 'ਰਾਜ ਬਰਾੜ ਜੀ ਦੀ ਯਾਦ ਵਿੱਚ ਪ੍ਰਕਾਸ਼ ਕਰਵਾਏ ਗਏ ਸਹਿਜ ਪਾਠ ਦੇ ਭੋਗ 3 ਜਨਵਰੀ ਨੂੰ ਸਮਾਧ ਬਾਬਾ ਘਮੰਡ ਦਾਸ ਪਿੰਡ ਮੱਲਕੇ ਵਿਖੇ ਸਵੇਰੇ 10 ਵਜੇ ਪੈਣਗੇ। ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਸਭ ਨੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਹੈ ਅਤੇ ਭੋਗ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ...ਬਲਵਿੰਦਰ ਕੌਰ ਬਰਾੜ...ਸਵੀਤਾਜ ਬਰਾੜ...ਜੋਸ਼ ਬਰਾੜ...ਹਰਬੰਸ ਸਿੰਘ ਸੰਘਾ ਨਿਊਜ਼ੀਲੈਂਡ।'
ਗਾਇਕ ਰਾਜ ਬਰਾੜ ਬਾਰੇ ਗੱਲ ਕਰੀਏ ਤਾਂ ਮੋਗਾ ਜ਼ਿਲੇ ਦੇ ਪਿੰਡ ਮੱਲਕੇ ਦੇ ਰਹਿਣ ਵਾਲੇ ਗਾਇਕ ਰਾਜ ਨੇ 1992 ਵਿੱਚ ਸੰਗੀਤ ਉਦਯੋਗ ਵਿੱਚ ਪ੍ਰਵੇਸ਼ ਕੀਤਾ ਸੀ। ਗਾਇਕ ਨੇ ਪੰਜਾਬੀ ਮੰਨੋਰੰਜਨ ਜਗਤ ਨੂੰ ਕਾਫੀ ਸਾਰੇ ਹਿੱਟ ਗੀਤ ਦਿੱਤੇ ਸਨ, ਜਿਹਨਾਂ ਵਿੱਚ 'ਸਰਪੰਚ', 'ਜਾਨ ਮੇਰੀਏ', 'ਸਰਕਾਰ', 'ਸਹੇਲੀ ਵਰਗੇ ਗੀਤ ਸ਼ਾਮਿਲ ਹਨ।