ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿਚ ਲੰਮੇਰ੍ਹਾ ਪੈਂਡਾ ਹੰਢਾ ਚੁੱਕੇ ਅਤੇ ਅਲਹਦਾ ਪਹਿਚਾਣ ਅਤੇ ਮੁਕਾਮ ਰੱਖਦੇ ਅਦਾਕਾਰ ਨੀਟੂ ਪੰਧੇਰ ਹੁਣ ਆਪਣੀ ਨਵੀਂ ਲਘੂ ਫਿਲਮ 'ਕੁਰਬਾਨੀ' ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜੋ 21 ਜੂਨ ਨੂੰ ਸੋਸ਼ਲ ਪਲੇਟਫ਼ਾਰਮਜ਼ 'ਤੇ ਰਿਲੀਜ਼ ਕੀਤੀ ਜਾ ਰਹੀ ਹੈ।
ਸ਼ਰੀਆ ਪ੍ਰੋਡੋਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਪਵਨ ਸ਼ਰੀਆ ਅਤੇ ਦੀਪ ਸਲਗੋਤਰਾ ਵੱਲੋਂ ਕੀਤਾ ਗਿਆ ਹੈ। ਨਿਰਮਾਤਾ ਮਯੰਕ ਸ਼ਰੀਆ ਦੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਪਵਨ ਸ਼ਰੀਆ, ਕੋਮਲ ਸ਼ਰਮਾ, ਜਤਿੰਦਰ ਬਿੱਲਾ, ਰਾਜੇਸ਼ ਵਸ਼ਿਸ਼ਟ, ਸਤੀਸ਼ ਕੁਮਾਰ, ਰੋਹਿਤ ਕੁਮਾਰ, ਰੋਹਿਤ ਮੰਗ, ਦਿਗਵਿਜੇ ਸਿੰਘ ਪਠਾਨੀਆ, ਰਾਕਾ ਆਦਿ ਸ਼ਾਮਿਲ ਹਨ, ਜਿੰਨ੍ਹਾਂ ਦੀਆਂ ਮਹੱਤਵਪੂਰਨ ਭੂਮਿਕਾ ਨਾਲ ਸਜੀ ਇਸ ਫਿਲਮ ਦੇ ਪਟਕਥਾ ਅਤੇ ਸੰਵਾਦ ਜਤਿੰਦਰ ਸਾਈਰਾਜ ਨੇ ਲਿਖੇ ਹਨ, ਜਦਕਿ ਇਸ ਦੇ ਕੈਮਰਾਮੈਨ ਬਾਵਾ, ਕਾਰਜਕਾਰੀ ਨਿਰਮਾਤਾ ਸਨਮ ਸ਼ਰੀਆ, ਸੌਰਵ ਕੁਮਾਰ, ਡੀਆਈ ਕਲਰਿਸਟ ਸੁਰੇਸ਼ ਕਲਸੀ, ਪੋਸਟ ਪ੍ਰੋਡੋਕਸ਼ਨ ਹੈੱਡ ਕੀਰਤੀ ਮਾਨ, ਸਾਊਂਡ ਡਿਜਾਈਨਰ ਅਭੈ ਕੋਯਾਦਵਾਰ, ਸੈੱਟ ਡਿਜਾਈਨਰ ਰੋਹਿਤ, ਸਹਾਇਕ ਨਿਰਦੇਸ਼ਕ ਪਰਮਜੀਤਪਾਲ, ਕਰਨ ਕੁਮਾਰ ਸ਼ਿਵਾਨੀ ਅਤੇ ਪ੍ਰੋਡੋਕਸ਼ਨ ਮੈਨੇਜਰ ਰੌਕੀ ਸ਼ਹਿਰੀਆਂ ਹਨ।
ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਆਸ ਪਾਸ ਫਿਲਮਾਈ ਗਈ ਇਸ ਫਿਲਮ ਵਿਚ ਅਦਾਕਾਰ ਨੀਟੂ ਪੰਧੇਰ ਕਾਫ਼ੀ ਪ੍ਰਭਾਵੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਇਸ ਫਿਲਮ ਵਿਚਲੇ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਥਭਰਪੂਰ ਅਤੇ ਡ੍ਰਾਮੈਟਿਕ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿਚ ਉਨਾਂ ਦੀ ਭੂਮਿਕਾ ਹਾਲੀਆ ਨਿਭਾਏ ਨੈਗੇਟਿਵ-ਪੌਜੀਟਿਵ ਕਿਰਦਾਰਾਂ ਨਾਲੋਂ ਇਕਦਮ ਹੱਟ ਕੇ ਹੈ, ਜਿਸ ਨੂੰ ਉਨ੍ਹਾਂ ਆਪਣੇ ਹਰ ਕਿਰਦਾਰ ਦੀ ਤਰ੍ਹਾਂ ਸ਼ਿੱਦਤ ਨਾਲ ਨਿਭਾਇਆ ਹੈ।
ਪੰਜਾਬੀ ਸਿਨੇਮਾ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਜਿਆਦਾਤਰ ਨੈਗੇਟਿਵ ਕਿਰਦਾਰਾਂ ਵਿਚ ਦਿਖਾਈ ਦੇ ਰਹੇ ਅਦਾਕਾਰ ਨੀਟੂ ਪੰਧੇਰ ਦੱਸਦੇ ਹਨ ਕਿ ਅਜਿਹਾ ਨਹੀਂ ਹੈ ਕਿ ਖਲਨਾਇਕ ਅਤੇ ਨਾਂਹ ਪੱਖੀ ਭੂਮਿਕਾਵਾਂ ਹੀ ਮੇਰੇ ਫਿਲਮ ਕਰੀਅਰ ’ਚ ਮੇਰੀ ਤਰਜੀਹ ਰਹੀਆਂ ਹਨ, ਪਰ ਸਬੱਬ ਕੁਝ ਐਸੇ ਬਣ ਰਹੇ ਹਨ ਕਿ ਫਿਲਮਾਂ ਵਿਚ ਅਜਿਹੇ ਕਿਰਦਾਰ ਹੀ ਜਿਆਦਾ ਹਿੱਸੇ ਆ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਬਤੌਰ ਅਦਾਕਾਰ ਅਲੱਗ ਅਲੱਗ ਸ਼ੇਡਜ਼ ਦੇ ਰੋਲ ਪਲੇ ਕਰਨਾ ਆਪਣੀਆਂ ਪਹਿਲਕਦਮੀਆਂ ਵਿਚ ਸ਼ਾਮਿਲ ਕਰ ਰਿਹਾ ਹੈ, ਜਿਸ ਲਈ ਚੁਣਿੰਦਾ ਫਿਲਮਾਂ ਨੂੰ ਹੀ ਪਹਿਲ ਦੇਣ ਦਾ ਸਿਲਸਿਲਾ ਵੀ ਸ਼ੁਰੂ ਕਰ ਚੁੱਕਾ ਹਾਂ। ਪੰਜਾਬੀ ਸਿਨੇਮਾ ਦੇ ਦਿੱਗਜ ਐਕਟਰ ਅਤੇ ਨਿਰਦੇਸ਼ਕਾਂ ਨਾਲ ਫਿਲਮਾਂ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਅਦਾਕਾਰ ਨੀਟੂ ਪੰਧੇਰ ਦੱਸਦੇ ਹਨ ਕਿ ਅਲਹਦਾ ਫਿਲਮਾਂ ਅਤੇ ਕਿਰਦਾਰ ਕਰਨ ਦੀ ਅਪਣਾਈ ਸੋਚ ਦੇ ਮੱਦੇਨਜ਼ਰ ਹੀ ਸਾਹਮਣੇ ਆਉਣ ਜਾ ਰਹੀ ਉਨਾਂ ਦੀ ਇਹ ਫਿਲਮ ਕੁਰਬਾਨੀ ਹੈ, ਜਿਸ ਵਿਚ ਦਰਸ਼ਕ ਅਤੇ ਉਨਾਂ ਦੇ ਚਾਹੁੰਣ ਵਾਲੇ ਉਨ੍ਹਾਂ ਨੂੰ ਇਕ ਬਿਲਕੁਲ ਜੁਦਾ ਕਿਰਦਾਰ ਵਿਚ ਵੇਖਣਗੇ।