ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿਚ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਹੁਣ ਹਿੰਦੀ ਸਿਨੇਮਾ ਅਤੇ ਮਿਊਜ਼ਿਕ ਉਦਯੋਗ ਵਿਚ ਮਾਣ ਭਰੀਆਂ ਪ੍ਰਾਪਤੀਆਂ ਹਾਸਿਲ ਕਰਨ ਵੱਲ ਵੱਧ ਰਹੀ ਹੈ, ਜਿੰਨ੍ਹਾਂ ਵੱਲੋਂ ਮਸ਼ਹੂਰ ਗਾਇਕ-ਸੰਗੀਤਕਾਰ ਅਰਮਾਨ ਮਲਿਕ ਨਾਲ ਗਾਇਆ ਗਾਣਾ ‘ਦਿਲ ਮਲੰਗਾ‘ ਰਿਲੀਜ਼ ਹੋ ਗਿਆ ਹੈ ਅਤੇ ਗੀਤ ਖਾਸੀ ਚਰਚਾ ਅਤੇ ਕਾਮਯਾਬੀ ਹਾਸਿਲ ਕਰ ਰਿਹਾ ਹੈ।
ਦੇਸ਼ ਵਿੱਚ ਰੁਮਾਂਸ ਦੀ ਨਿਵੇਕਲੀ ਅਤੇ ਸੁਰੀਲੀ ਆਵਾਜ਼ ਵਜੋਂ ਜਾਣੇ ਜਾਂਦੇ ਨੌਜਵਾਨ ਫ਼ਨਕਾਰ ਅਰਮਾਨ ਮਲਿਕ, ਜਿੰਨ੍ਹਾਂ ਵੱਲੋਂ ਰੂਹਾਨੀ ਰੁਮਾਂਟਿਕ ਅੰਦਾਜ਼ ਵਿਚ ਸਾਹਮਣੇ ਲਿਆਂਦਾ ਗਿਆ ਹਰ ਗੀਤ ਸਰੋਤਿਆਂ ਅਤੇ ਦਰਸ਼ਕਾਂ ਦੇ ਮਨ੍ਹਾਂ ਨੂੰ ਛੂਹ ਲੈਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ।
ਉਨ੍ਹਾਂ ਦੀ ਇਸੇ ਸ਼ਾਨਦਾਰ ਸੰਗੀਤਮਈ ਲੜ੍ਹੀ ਨੂੰ ਨਵੇਂ ਆਯਾਮ ਦੇ ਰਿਹਾ ਹੈ ਇਹ ਰੁਮਾਂਟਿਕ ਟਰੈਕ ’ਦਿਲ ਮਲੰਗਾ’, ਜਿਸ ਦੁਆਰਾ ਉਨ੍ਹਾਂ ਪਹਿਲੀ ਵਾਰ ਸੁਰਾਂ ਦੀ ਮਲਿਕਾ ਨਿਮਰਤ ਖਹਿਰਾ ਨਾਲ ਆਵਾਜ਼ ਸੁਮੇਲ ਕਾਇਮ ਕੀਤੀ ਹੈ।
‘ਵਾਰਨਰ ਮਿਊਜ਼ਿਕ ਇੰਡੀਆ’ ਅਤੇ ਅਰਮਾਨ ਮਲਿਕ ਵੱਲੋਂ ਆਪਣੇ ਘਰੇਲੂ ਬੈਨਰ ਸੰਗੀਤ ਪਲੇਟਫ਼ਾਰਮਜ਼ 'ਤੇ ਰਿਲੀਜ਼ ਕੀਤੇ ਗਏ ਇਸ ਟਰੈਕ ਦਾ ਨਿਰਮਾਣ ਵੈਭਵ ਪਣੀ ਵੱਲੋਂ ਕੀਤਾ ਗਿਆ ਹੈ, ਜਦਕਿ ਗੀਤ ਦੀ ਰਚਨਾ ਕੁਮਾਰ ਅਤੇ ਮਾਸਟਰਜ਼, ਮਿਕਸਿੰਗ ਅਭਿਸ਼ੇਕ ਗੌਤਮ ਦੀ ਹੈ।
ਬਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਵਿਚ ਅਥਾਹ ਸਰਾਹਣਾ ਅਤੇ ਸਫ਼ਲਤਾ ਹਾਸਿਲ ਕਰ ਰਹੇ ਇਸ ਗਾਣੇ ਦਾ ਮਿਊਜ਼ਕ ਖੁਦ ਅਰਮਾਨ ਮਲਿਕ ਵੱਲੋਂ ਹੀ ਸੰਗੀਤਬੱਧ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ’ਦਿਲ ਮਲੰਗਾ’ ਅਦਾਕਾਰਾ-ਗਾਇਕਾ ਨਿਮਰਤ ਖਹਿਰਾ ਨਾਲ ਮੇਰੀ ਪਹਿਲੀ ਸੰਗੀਤਕ ਰਚਨਾ ਹੈ, ਜਿੰਨ੍ਹਾਂ ਨਾਲ ਟੀਮ ਬਣਾਉਣ ਅਤੇ ਨਵੀਆਂ ਭਾਸ਼ਾਵਾਂ ਅਤੇ ਸ਼ੈਲੀਆਂ ਵਿੱਚ ਸ਼ਾਮਲ ਹੁੰਦੇ ਹੋਏ ਆਪਣੀ ਸੰਗੀਤਕਤਾ ਦੀ ਪੜਚੋਲ ਕਰਨ ਲਈ ਬਹੁਤ ਉਤਸ਼ਾਹਿਤ ਹਾਂ।
ਉਨ੍ਹਾਂ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਅੱਗੇ ਦੱਸਿਆ ਕਿ ਇਹ ਗਾਣਾ ਇੱਕ ਰਚਨਾਤਮਕ ਗਾਇਕ-ਸੰਗੀਤਕਾਰ ਵਜੋਂ ਮੇਰੇ ਲਈ ਨਵੀਆਂ ਸੰਭਾਵਨਾਵਾਂ ਜਗਾਉਣ ਦਾ ਵੀ ਸਬੱਬ ਬਣ ਰਿਹਾ ਹੈ, ਜਿਸ ਨਾਲ ਅੱਗੇ ਪੰਜਾਬ ਦੀਆਂ ਹੋਰ ਪ੍ਰਤਿਭਾਵਾਂ ਨਾਲ ਇਸ ਤਰ੍ਹਾਂ ਦੇ ਉਮਦਾ ਸੰਗੀਤਕ ਸੁਮੇਲ ਕਾਇਮ ਕਰਨਾ ਮੇਰੀਆਂ ਵਿਸ਼ੇਸ਼ ਪਹਿਲਕਦਮੀਆਂ ਵਿਚ ਸ਼ਾਮਿਲ ਰਹੇਗਾ।
ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਗਾਇਕਾ ਨਾਲ ਬਣੀ ਇਸ ਅਨੂਠੀ ਸਾਂਝ ਨੂੰ ਦਰਸ਼ਕਾਂ ਅਤੇ ਪ੍ਰਸੰਸ਼ਕਾਂ ਦਾ ਬਹੁਤ ਸਾਰਾ ਪਿਆਰ ਅਤੇ ਸਨੇਹ ਮਿਲ ਰਿਹਾ ਹੈ, ਜਿਸ ਨਾਲ ਸਾਡੀ ਪੂਰੀ ਟੀਮ ਦਾ ਹੌਂਸਲਾ ਬੁਲੰਦ ਹੋਇਆ ਅਤੇ ਆਤਮ ਵਿਸ਼ਵਾਸ਼ ਵਿਚ ਵਾਧਾ ਹੋਇਆ ਹੈ, ਜਿਸ ਨਾਲ ਅੱਗੇ ਇਸ ਦਿਸ਼ਾ ਵਿਚ ਹੋਰ ਚੰਗੇਰ੍ਹੀਆਂ ਅਤੇ ਨਾਯਾਬ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਜਾਰੀ ਰਹੇਗੀ।
ਓਧਰ ਗਾਇਕਾ ਨਿਮਰਤ ਖਹਿਰਾ ਵੀ ਅਰਮਾਨ ਮਲਿਕ ਨਾਲ ਗਾਏ ਆਪਣੇ ਪਹਿਲੇ ਗਾਣੇ ਨੂੰ ਮਿਲ ਰਹੀ ਸਫ਼ਲਤਾ ਲੈ ਕੇ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ, ਜਿੰਨ੍ਹਾਂ ਅਨੁਸਾਰ ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਦੇ ਬੇਹੱਦ ਪ੍ਰਤੀਭਾ ਅਤੇ ਉਚਕੋਟੀ ਗਾਇਕ-ਸੰਗੀਤਕਾਰ ਅਰਮਾਨ ਮਲਿਕ ਨਾਲ ਇਹ ਸੰਗੀਤਕ ਪ੍ਰੋਜੈਕਟ ਕਰਨਾ ਉਨ੍ਹਾਂ ਦੇ ਸੰਗੀਤਕ ਕਰੀਅਰ ਲਈ ਬਹੁਤ ਹੀ ਮਾਣ ਵਾਲੀ ਗੱਲ ਅਤੇ ਯਾਦਗਾਰੀ ਪਲ੍ਹਾਂ ਵਿੱਚੋਂ ਇੱਕ ਪਲ਼ ਹੈ।