'ਦਾਸਤਾਨ-ਏ-ਸਰਹਿੰਦ' ਨੂੰ ਬੰਦ ਕਰਵਾਉਣ ਪਹੁੰਚੀ ਨਿਹੰਗ ਸਿੰਘ ਜਥੇਬੰਦੀ ਨਾਲ ਗੱਲਬਾਤ ਅੰਮ੍ਰਿਤਸਰ:ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸਟਾਰਰ ਪੰਜਾਬੀ ਫਿਲਮ ਦਾਸਤਾਨ ਏ ਸਰਹਿੰਦ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਵਿੱਚ ਘਿਰੀ ਹੋਈ ਸੀ, ਇਸ ਸੰਬੰਧੀ SGPC ਨੇ ਅਧਿਕਾਰਤ ਪੇਜ ਉਤੇ ਵੀ ਲਿਖਿਆ ਸੀ ਕਿ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ। ਹੁਣ ਜਦੋਂ ਅੱਜ 3 ਨਵੰਬਰ ਨੂੰ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ ਤਾਂ ਇਸ ਸੰਬੰਧੀ ਵੱਖ-ਵੱਖ ਸਿੱਖ ਜੱਥੇਬੰਦੀਆਂ ਸਿਨੇਮਾਘਰਾਂ ਵਿੱਚ ਜਾ ਇਹ ਚੈੱਕ ਕਰ ਰਹੀਆਂ ਹਨ ਕਿ ਇਹ ਫਿਲਮ ਦੇ ਸ਼ੋਅ ਚੱਲ ਰਹੇ ਹਨ ਜਾਂ ਨਹੀਂ।
ਇਸੇ ਤਰ੍ਹਾਂ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿੱਚ ਪਰਮਜੀਤ ਸਿੰਘ ਅਕਾਲੀ ਇਸ ਫਿਲਮ ਨੂੰ ਰੋਕਣ ਲਈ ਸਿਨੇਮਾਘਰ ਵਿੱਚ ਪਹੁੰਚੇ। ਉਹਨਾਂ ਨੇ ਫਿਲਮ ਨਾਲ ਸੰਬਧਿਤ ਉੱਥੇ ਲੱਗੇ ਪੋਸਟਰਾਂ ਨੂੰ ਹਟਾ ਕੇ ਫਿਲਮ ਨੂੰ ਬੰਦ ਕਰਵਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਅਕਾਲੀ ਨੇ ਕਿਹਾ ਹੈ, 'ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿੱਖਾਂ ਦੇ ਉਪਰ ਇਸ ਤਰ੍ਹਾਂ ਐਨੀਮੇਸ਼ਨ ਫਿਲਮਾਂ ਬਣਾਈਆਂ ਜਾਣ। ਜ਼ਰੂਰਤ ਪਈ ਤਾਂ ਅਸੀਂ ਹੋਰ ਵੀ ਪ੍ਰਦਰਸ਼ਨ ਕਰਾਂਗੇ। ਪਰ ਅਸੀਂ ਇਹ ਫਿਲਮ ਚੱਲਣ ਨਹੀਂ ਦੇਵਾਂਗੇ।'
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਐਕਸ ਪੇਜ ਉਤੇ ਫਿਲਮ ਦੀ ਰੋਕ ਬਾਰੇ ਕਾਫੀ ਕੁੱਝ ਲਿਖਿਆ ਸੀ, ਉਹਨਾਂ ਨੇ ਕਿਹਾ ਸੀ ਕਿ, 'ਦਾਸਤਾਨ-ਏ-ਸਰਹਿੰਦ ਫਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ 5 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫ਼ਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ।'
ਅੱਗੇ ਲਿਖਿਆ ਸੀ, 'ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫ਼ਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫਿਲਮ ਸਬੰਧੀ ਕੋਈ ਫੈਸਲਾ ਲੈਣ। ਸੰਗਤ ਨੂੰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫਿਲਮਾਂਕਣ 'ਤੇ ਰੋਕ ਲਗਾਈ ਹੋਈ ਹੈ। -ਪ੍ਰਤਾਪ ਸਿੰਘ, ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।'
'ਦਸਤਾਨ ਏ ਸਰਹਿੰਦ' ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ ਇੱਕ ਐਨੀਮੇਟਡ ਫਿਲਮ ਹੈ, ਇਸ ਫਿਲਮ ਨੂੰ ਮਨਪ੍ਰੀਤ ਬਰਾੜ ਅਤੇ ਨਵੀ ਸਿੱਧੂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਯੋਗਰਾਜ ਸਿੰਘ, ਸ਼ਾਹਬਾਜ਼ ਖਾਨ, ਜਸਵੰਤ ਦਮਨ ਅਤੇ ਸਰਦਾਰ ਸੋਹੀ, ਗੁਰਪ੍ਰੀਤ ਭੰਗੂ ਵਰਗੇ ਸ਼ਾਨਦਾਰ ਕਲਾਕਾਰ ਹਨ।