ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਵਿਲੱਖਣ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਉੱਘੇ ਨਿਰਦੇਸ਼ਕ ਭਗਵੰਤ ਸਿੰਘ ਕੰਗ, ਜਿੰਨਾਂ ਵੱਲੋਂ ਆਪਣੀ ਨਵੀਂ ਵੈੱਬ ਸੀਰੀਜ਼ 'ਪੁੱਤਾਂ ਦੇ ਵਪਾਰੀ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਸ਼ੂਟਿੰਗ ਆਗਾਜ਼ ਵੱਲ ਵਧਣ ਜਾ ਰਹੀ ਹੈ।
'ਫਿਲਮੀ ਅੱਡਾ ਪ੍ਰੋਡੋਕਸ਼ਨ ਹਾਊਸ' ਦੇ ਬੈਨਰ ਅਧੀਨ ਬਣਨ ਜਾ ਰਹੀ ਇਸ ਵੈੱਬ ਸੀਰੀਜ਼ ਦਾ ਨਿਰਮਾਣ ਪਰਮਜੀਤ ਸਿੰਘ ਨਾਗਰਾ ਅਤੇ ਲਖਵਿੰਦਰ ਜਟਾਣਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਅਲਹਦਾ ਕੰਟੈਂਟ ਅਧਾਰਿਤ ਕਈ ਅਰਥ-ਭਰਪੂਰ ਪੰਜਾਬੀ ਲਘੂ ਫਿਲਮਾਂ ਦੇ ਨਿਰਮਾਣ ਨਾਲ ਜੁੜੇ ਰਹੇ ਹਨ।
ਉਕਤ ਵੈੱਬ ਸੀਰੀਜ਼ ਦੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਅਨੁਸਾਰ ਉਨਾਂ ਦੀਆਂ ਪਿਛਲੀਆਂ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਤਰ੍ਹਾਂ ਇਹ ਪ੍ਰੋਜੈਕਟ ਵੀ ਬਹੁਤ ਹੀ ਵੱਖਰੇ ਵਿਸ਼ੇ ਅਤੇ ਸੈਟਅੱਪ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ, ਜਿਸ ਦੁਆਰਾ ਅਜੋਕੇ ਸਮਾਜ ਨਾਲ ਜੁੜੀਆਂ ਕਈ ਤਲਖ਼ ਹਕੀਕਤਾਂ ਨੂੰ ਉਜਾਗਰ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਆਧੁਨਿਕਤਾ ਦੇ ਇਸ ਦੌਰ ਵਿੱਚ ਚਾਹੇ ਤਕਨੀਕ ਅਤੇ ਹੋਰ ਕਈ ਪੱਖੋਂ ਚਾਹੇ ਅਸੀਂ ਬਹੁਤ ਹੀ ਅੱਗੇ ਵੱਧ ਗਏ ਹਾਂ, ਪਰ ਦੂਜਿਆਂ ਪ੍ਰਤੀ ਸੋੜੀ ਸੋਚ ਅਪਣਾਏ ਜਾਣ ਦੀ ਮਾਨਸਿਕਤਾ ਤੋਂ ਅਜੇ ਵੀ ਉਭਰ ਨਹੀਂ ਸਕਿਆ ਅੱਜ ਦਾ ਇਹ ਸਮਾਜਿਕ ਤਾਣਾ ਬਾਣਾ, ਜਿਸ ਨੂੰ ਆਇਨਾ ਵੀ ਵਿਖਾਵੇਗੀ ਇਹ ਵੈੱਬ ਸੀਰੀਜ਼, ਜਿਸ ਵਿਚ ਪੰਜਾਬੀ ਮੰਨੋਰੰਜਨ ਉਦਯੋਗ ਨਾਲ ਜੁੜੇ ਮੰਨੇ ਪ੍ਰਮੰਨੇ ਕਲਾਕਾਰਾਂ ਦੇ ਨਾਲ-ਨਾਲ ਨਵੇਂ ਅਤੇ ਪ੍ਰਤਿਭਾਵਾਨ ਚਿਹਰਿਆਂ ਨੂੰ ਵੀ ਬਰਾਬਰ ਸ਼ਮੂਲੀਅਤ ਦਿੱਤੀ ਜਾ ਰਹੀ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਨਵਾਬੀ ਸ਼ਹਿਰ ਮਲੇਰਕੋਟਲਾ ਨਾਲ ਸੰਬੰਧਤ ਅਤੇ ਉਕਤ ਪ੍ਰੋਜੈਕਟ ਦੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਦੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਕਮਰਸ਼ਿਅਲ ਸਿਨੇਮਾ ਦੀ ਸਿਰਜਨਾ ਕਰਨ ਦੀ ਬਜਾਏ ਆਫ ਬੀਟ ਅਤੇ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਬਣਾਉਣ ਨੂੰ ਜਿਆਦਾ ਤਵੱਜੋ ਦਿੱਤੀ ਹੈ, ਜਿਸ ਦੀ ਹੀ ਲੜੀ ਵਜੋਂ ਹੋਂਦ ਵਿੱਚ ਆਉਣ ਜਾ ਰਹੀ ਹੈ ਉਕਤ ਵੈੱਬ ਸੀਰੀਜ਼।
ਉਨਾਂ ਵੱਲੋਂ ਹਾਲੀਆਂ ਸਮੇਂ ਦੌਰਾਨ ਨਿਰਦੇਸ਼ਿਤ ਕੀਤੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਇੰਨਾਂ ਵਿੱਚ 'ਤੀਵੀਆਂ', 'ਰਖੇਲ', 'ਬਦਲਾ', 'ਪਾਪ ਦੀ ਪੰਡ', 'ਬਾਕੀ ਸਫਾ ਪੰਜ ਤੇ', 'ਤੇਜਾ ਨਗੌਰੀ' ਆਦਿ ਸ਼ੁਮਾਰ ਰਹੀਆਂ ਹਨ, ਜਿੰਨਾਂ ਨੂੰ ਕੁਝ ਅਲੱਗ ਸਿਨੇਮਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਵੱਲੋਂ ਸਮੇਂ ਦਰ ਸਮੇਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।