ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਉਚਕੋਟੀ ਨਿਰਮਾਤਾ ਵਜੋਂ ਪ੍ਰਸਿੱਧ ਅਤੇ ਪੰਜਾਬੀ ਸਿਨੇਮਾ ਦੀ ਝੋਲੀ ਬੇਸ਼ੁਮਾਰ ਵੱਡੀਆਂ ਅਤੇ ਸਫ਼ਲ ਫ਼ਿਲਮਾਂ ਪਾ ਚੁੱਕੇ ਨਿਰਮਾਤਾ ਇਕਬਾਲ ਸਿੰਘ ਢਿੱਲੋਂ ਇੰਨ੍ਹੀ ਦਿਨ੍ਹੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਰਿਟਰਨ ਆਫ਼ ਜੱਟ ਜਿਓਣਾ ਮੌੜ’ ਨੂੰ ਸ਼ੁਰੂਆਤੀ ਛੋਹਾਂ ਦੇਣ ਵਿਚ ਤੇਜ਼ੀ ਨਾਲ ਰੁੱਝੇ ਹੋਏ ਹਨ।
ਜਿਸ ਦੀ ਪ੍ਰੀ ਪ੍ਰੋਡੋਕਸ਼ਨ ਅਤੇ ਸ਼ੂਟਿੰਗ ਸ਼ੁਰੂਆਤ ਅਗਲੇ ਦਿਨ੍ਹਾਂ ’ਚ ਕੀਤੀ ਜਾ ਰਹੀ ਹੈ। ਸਾਲ 1991 ਵਿਚ ਆਈ ਅਤੇ ਅਪਾਰ ਕਾਮਯਾਬ ਰਹੀ ਗੁੱਗੂ ਗਿੱਲ ਸਟਾਰਰ ‘ਜੱਟ ਜਿਓਣਾ ਮੋੜ’ ਦੇ ਸੀਕਵਲ ਦੇ ਰੂਪ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਵੀ ਹਰ ਪੱਖੋਂ ਖੂਬਸੂਰਤ ਰੱਖਣ ਲਈ ਢਿੱਲੋਂ ਅਤੇ ਉਨ੍ਹਾਂ ਦੀ ਨਿਰਮਾਣ ਟੀਮ ਵੱਲੋਂ ਖਾਸੀ ਮਿਹਨਤ ਅਤੇ ਤਰੱਦਦ ਕੀਤਾ ਜਾ ਰਿਹਾ ਹੈ, ਜਿਸ ਵਿਚ ਫ਼ਿਲਮ ਡਿਜ਼ਾਇਨਰ ਅਤੇ ਕਲਾ ਨਿਰਦੇਸ਼ਕ ਰਾਸ਼ਿਦ ਰੰਗਰੇਜ਼ ਵੀ ਸ਼ਾਮਿਲ ਹਨ। ਜੋ ਇਸ ਨੂੰ ਖੂਬਸੂਰਤ ਅਤੇ ਪ੍ਰਭਾਵੀ ਸਿਰਜਣਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਫ਼ਿਲਮ ਦਾ ਲੇਖਣ ਹਾਲ ਹੀ ਵਿਚ ਆਈ ਅਤੇ ਸੁਪਰਹਿੱਟ ਰਹੀ ‘ਲੀਜੈਂਡ ਆਫ਼ ਮੌਲਾ ਜੱਟ’ ਫੇਮ ਲੇਖਕ ਅਤੇ ਲਹਿੰਦੇ ਪੰਜਾਬ ਦੀ ਅਜ਼ੀਮ ਫਿਲਮੀ ਸ਼ਖ਼ਸੀਅਤ ਵਜੋਂ ਜਾਂਣੇ ਜਾਂਦੇ ਨਾਸਿਰ ਅਦੀਬ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਬਤੌਰ ਲੇਖਕ ਚੜ੍ਹਦੇ ਪੰਜਾਬ ਦੀ ਕਿਸੇ ਪੰਜਾਬੀ ਫ਼ਿਲਮ ਨਾਲ ਜੁੜਨ ਦਾ ਮਾਣ ਉਹ ਪਹਿਲੀ ਵਾਰ ਹਾਸਿਲ ਕਰਨ ਜਾ ਰਹੇ ਹਨ। ਪਾਲੀਵੁੱਡ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਇਸ ਸਿਨੇਮਾ ਦੇ ਨਾਮਵਰ ਅਦਾਕਾਰ ਟਾਈਟਲ ਭੂਮਿਕਾ ਨਿਭਾਉਣਗੇ, ਜਿਸ ਲਈ ਨਾਂਅ ਅਤੇ ਹੋਰ ਦੂਸਰੇ ਫ਼ਿਲਮੀ ਲੁੱਕ ਆਦਿ ਦੀ ਰਸਮੀ ਘੋਸ਼ਣਾ ਜਲਦ ਕੀਤੀ ਜਾ ਰਹੀ ਹੈ।