ਚੰਡੀਗੜ੍ਹ:ਪੰਜਾਬੀ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਫਿਲਮ 'ਕਲੀ ਜੋਟਾ' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ ਅਤੇ ਹੁਣ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ, ਜੀ ਹਾਂ...ਪਾਲੀਵੁੱਡ ਦੇ ਨਾਲ-ਨਾਲ ਹੁਣ ਅਦਾਕਾਰਾ ਹਾਲੀਵੁੱਡ ਵਿੱਚ ਵੀ ਝੰਡੇ ਗੱਡਣ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਨੀਰੂ ਬਾਜਵਾ ਦੀ ਪਹਿਲੀ ਹਾਲੀਵੁੱਡ ਫੀਚਰ ਫਿਲਮ 'ਵੌਟ ਲਾਈਵਜ਼ ਇਨਸਾਈਡ' ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਆਪਣੀ ਹਾਲੀਵੁੱਡ ਫਿਲਮਾਂ ਬਾਰੇ ਬੋਲਦੇ ਹੋਏ ਨੀਰੂ ਬਾਜਵਾ ਨੇ ਕਿਹਾ ਕਿ ਕਿਵੇਂ ਉਸਨੇ ਹਮੇਸ਼ਾ ਇਹ ਚਾਹਿਆ ਹੈ ਕਿ ਉਹ ਇੱਕ ਹਾਲੀਵੁੱਡ ਫ਼ਿਲਮ ਕਰੇ ਅਤੇ ਕਿਸ ਤਰ੍ਹਾਂ ਉਹ ਵੈਨਕੂਵਰ ਦੀ ਸਭ ਤੋਂ ਵੱਡੀ ਏਜੰਸੀ ਨਾਲ ਜੁੜੇ। ਆਪਣੀ ਪਹਿਲੀ ਹਾਲੀਵੁੱਡ ਫਿਲਮ ਦਾ ਜ਼ਿਕਰ ਕਰਦੇ ਹੋਏ ਨੀਰੂ ਕਿਹਾ ਕਿ 'What Lives Inside' ਮੇਰੀ ਪਹਿਲੀ ਫੀਚਰ ਫਿਲਮ ਹੈ। ਫਿਲਮ ਨੂੰ ਨਿਓਨ ਦੁਆਰਾ ਪੇਸ਼ ਕੀਤਾ ਜਾਵੇਗਾ ਅਤੇ ਭੀਸ਼ਾਲ ਦੱਤਾ ਦੁਆਰਾ ਨਿਰਦੇਸ਼ਨ ਕੀਤੀ ਜਾ ਰਹੀ ਇਸ ਫਿਲਮ ਨੂੰ ਲੈ ਕੇ ਮੈਂ ਬਹੁਤ ਜੋਸ਼ ਵਿੱਚ ਹਾਂ”
ਖੇਤਰੀ ਫਿਲਮਾਂ ਬਾਰੇ ਨੀਰੂ ਬਾਜਵਾ: ਇਸ ਦੇ ਨਾਲ ਹੀ ਖੇਤਰੀ ਫਿਲਮਾਂ ਬਾਰੇ ਬੋਲਦੇ ਹੋਏ ਨੀਰੂ ਨੇ ਕਿਹਾ ਕਿ ' ਮੈਨੂੰ ਪਤਾ ਹੈ ਕਿ ਆਸਕਰ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਕੀ ਹੈ। ਹਾਲਾਂਕਿ ਮੈਂ ਇੱਕ ਅਦਾਕਾਰਾ ਅਤੇ ਇੱਕ ਫਿਲਮ ਨਿਰਮਾਤਾ ਦੋਵੇਂ ਹਾਂ ਅਤੇ ਮੇਰੇ ਲਈ ਫਿਲਮ ਦੀ ਸਮੱਗਰੀ, ਸੰਦੇਸ਼ ਅਤੇ ਇਸ ਨੂੰ ਪੇਸ਼ ਕਰਨ ਦਾ ਤਰੀਕਾ ਬਹੁਤ ਮਹੱਤਵ ਰੱਖਦਾ ਹੈ। ਇਸ ਅਰਥ ਵਿਚ ਮੇਰਾ ਮੰਨਣਾ ਹੈ ਕਿ ਪੰਜਾਬ, ਦੱਖਣ, ਬੰਗਾਲ ਅਤੇ ਹੋਰ ਬਹੁਤ ਸਾਰੀਆਂ ਖੇਤਰੀ ਫਿਲਮਾਂ ਹਨ ਜੋ ਨਿਸ਼ਚਤ ਤੌਰ 'ਤੇ ਅਵਾਰਡਾਂ ਦੇ ਮੌਕੇ ਦੀਆਂ ਹੱਕਦਾਰ ਹਨ।