ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉਚਕੋਟੀ ਅਤੇ ਬੇਹਤਰੀਨ ਲੇਖਕ ਵਜੋਂ ਜਾਣੇ ਜਾਂਦੇ ਇੰਦਰਪਾਲ ਸਿੰਘ ਵੱਲੋਂ ਨਵਾਜ਼ੂਦੀਨ ਸਿੱਦੀਕੀ ਦੀ ਆਉਣ ਵਾਲੀ ਹਿੰਦੀ ਫ਼ਿਲਮ ‘ਨੂਰਾਨੀ ਚਿਹਰਾ’ ਦਾ ਲੇਖਨ ਕਰਕੇ ਸਿਨੇਮਾ ਖਿੱਤੇ ਵਿਚ ਇਕ ਹੋਰ ਵੱਡੀ ਮੱਲ ਮਾਰੀ ਹੈ, ਜਿੰਨ੍ਹਾਂ ਦੀ ਪ੍ਰਭਾਵੀ ਲੇਖਨ ਸਿਰਜਨਾ ਦਾ ਚੰਗਾ ਇਜ਼ਹਾਰ ਕਰਵਾਉਂਦੀ ਇਹ ਫ਼ਿਲਮ ਅਗਲੇ ਦਿਨ੍ਹੀਂ ਦੇਸ਼, ਵਿਦੇਸ਼ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ।
ਬਾਲੀਵੁੱਡ ਦੇ ਵੱਡੇ ਫ਼ਿਲਮਜ਼ ਨਿਰਮਾਣ ਹਾਊਸਜ਼ ‘ਪਨੋਰਮਾ ਸਟੂਡਿਓਜ਼’ ਵੱਲੋਂ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਹਿੰਦੀ, ਪੰਜਾਬੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੇ ਇਸ ਨਵੇਂ ਪ੍ਰੋਜੈਕਟ ਵਿਚ ਨਵਾਜ਼ੂਦੀਨ ਸਿੱਦੀਕੀ ਬਿਲਕੁਲ ਵੱਖਰੀ ਕਿਸਮ ਦਾ ਵਿਲੱਖਣ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ‘ਵਾਈਲਡ ਰਿਵਰ ਪਿਕਚਰਜ਼’, ‘ਪਲਪ ਫ਼ਿਕਸ਼ਨ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾਵਾਂ ਵਿਚ ਕੁਮਾਰ ਮੰਗਤ, ਅਰੂਸ਼ੀ ਮਲਹੋਤਰਾ, ਨੰਦਿਨੀ ਸ਼ਰਮਾ, ਨੀਤਾ ਸ਼ਾਹ, ਭਰਤ ਕੁਮਾਰ ਸ਼ਾਹ ਆਦਿ ਸ਼ਾਮਿਲ ਹਨ।
ਉਤਰ ਪ੍ਰਦੇਸ਼ ਅਤੇ ਦਿੱਲੀ ਆਸ ਪਾਸ ਮੁਕੰਮਲ ਕੀਤੀ ਗਈ ਇਸ ਫ਼ਿਲਮ ਦੇ ਹੋਰਨਾਂ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੁਆਰਾ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਆਪਣਾ ਸਿਲਵਰ ਸਕਰੀਨਾਂ ਡੈਬਿਯੂ ਕਰਨ ਜਾ ਰਹੀ ਹੈ, ਜਿੰਨ੍ਹਾਂ ਨਾਲ ਸੋਨਾਲੀ ਸੇਗਲ, ਆਸਿਫ਼ ਖ਼ਾਨ ਤੋਂ ਇਲਾਵਾ ਅਦਾਕਾਰ-ਗਾਇਕ ਜੱਸੀ ਗਿੱਲ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ। ਉਕਤ ਫ਼ਿਲਮ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ‘ਪਨੋਰਮਾ ਸਟੂਡਿਓਜ਼’ ਦੀਆਂ ਆਉਣ ਵਾਲੀਆਂ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਵਿਚੋਂ ਇਕ ਇਹ ਪ੍ਰੋਜੈਕਟ ਨਵਾਜ਼ੂਦੀਨ ਅਤੇ ਨੂਪੁਰ ਸੈਨਨ ਦੀ ਰੁਮਾਂਟਿਕ ਲਵ ਸਟੋਰੀ 'ਤੇ ਆਧਾਰਿਤ ਹੈ, ਜਿਸ ਵਿਚ ਨਵਾਜ਼ੂਦੀਨ ਇਕ ਪੇਂਡੂ ਲੜਕੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਇਸ ਕਿਰਦਾਰ ਨੂੰ ਪ੍ਰਭਾਵਸ਼ਾਲੀ ਅਤੇ ਸੱਚਾ ਬਣਾਉਣ ਲਈ ਪੂਰਨ ਦੇਸੀ ਲੁੱਕ ਵੀ ਅਪਣਾਇਆ ਗਿਆ ਹੈ।
ਫ਼ਿਲਮ ਦਾ ਕਥਾਸਾਰ ਬਹੁਤ ਹੀ ਦਿਲਚਸਪ ਕਾਮੇਡੀ ਥੀਮ ਦੁਆਲੇ ਬੁਣਿਆ ਗਿਆ ਹੈ, ਜਿਸ ਦੁਆਰਾ ਸਮਾਜਿਕ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਨਵਾਜ਼ੂਦੀਨ ਦੱਸਦੇ ਹਨ ਕਿ ਉਨ੍ਹਾਂ ਦੇ ਹੁਣ ਤੱਕ ਦੇ ਕਰੀਅਰ ਵਿਚ ਇਹ ਫ਼ਿਲਮ ਉਨ੍ਹਾਂ ਲਈ ਕਾਫ਼ੀ ਚੁਣੌਤੀਪੂਰਨ ਰਹੀ ਹੈ, ਜਿਸ ਵਿਚਲਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਇਕ ਨਾ ਭੁੱਲਣਯੋਗ ਸਿਨੇਮਾ ਤਜ਼ਰਬੇ ਵਾਂਗ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਬੇਮਿਸਾਲ ਕਹਾਣੀਸਾਰ ਸੁਣਦਿਆਂ ਹੀ ਉਨ੍ਹਾਂ ਇਸ ਪ੍ਰੋਜੈਕਟ ਨੂੰ ਕਰਨ ਦਾ ਫੈਸਲਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ, ਕਿ ਪ੍ਰੋਜੈਕਟ ਦੇ ਜਿਸ ਤਰ੍ਹਾਂ ਦੀ ਸ਼ੇਪ ਲੈਣ ਦੀ ਉਨ੍ਹਾਂ ਨੂੰ ਉਮੀਦ ਸੀ, ਉਸ ਤੋਂ ਵੀ ਵੱਧ ਪ੍ਰਭਾਵੀ ਬਣੀ ਹੈ ਇਹ ਫ਼ਿਲਮ, ਜਿਸ ਲਈ ਫ਼ਿਲਮ ਦੇ ਨਿਰਦੇਸ਼ਕ ਨਵਨੀਅਤ ਸਿੰਘ, ਲੇਖਕ ਇੰਦਰਪਾਲ ਸਿੰਘ ਅਤੇ ਪੂਰੀ ਟੀਮ ਵਧਾਈ ਅਤੇ ਸਰਾਹਣਾ ਦੀ ਹੱਕਦਾਰ ਹੈ।
ਇਹ ਵੀ ਪੜ੍ਹੋ:Dhirendra Shukla: ਫਿਲਮ ‘ਚਬੂਤਰੋਂ’ ਲਈ ਧੀਰੇਂਦਰ ਸ਼ੁਕਲਾ ਨੂੰ ਮਿਲਿਆ ‘ਸਿਨੇਮਾਟੋਗ੍ਰਾਫ਼ਰ ਆਫ਼ ਦਾ ਈਅਰ 2022 ਐਵਾਰਡ’