ਹੈਦਰਾਬਾਦ: ਨਾਨਾ ਪਾਟੇਕਰ ਬੀਤੇ ਦਿਨੀਂ ਸ਼ੂਟਿੰਗ ਸੈੱਟ 'ਤੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਸੈਲਫੀ ਲੈਣ ਲਈ ਇੱਕ ਪ੍ਰਸ਼ੰਸਕ ਦੇ ਸਿਰ 'ਤੇ ਥੱਪੜ ਮਾਰਨ ਕਾਰਨ ਸੁਰਖੀਆਂ ਵਿੱਚ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਅਦਾਕਾਰ ਦੀ ਆਪਣੇ ਪ੍ਰਸ਼ੰਸਕਾਂ ਪ੍ਰਤੀ ਵਿਵਹਾਰ ਲਈ ਭਾਰੀ ਆਲੋਚਨਾ ਹੋਈ ਹੈ।
ਨਾਨਾ ਪਾਟਕਰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਨਿਸ਼ਾਨਾ ਬਣ ਗਏ ਹਨ ਅਤੇ ਉਨ੍ਹਾਂ ਨੂੰ ਕਾਫੀ ਗਾਲ੍ਹਾਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 'ਗਦਰ' ਅਤੇ 'ਗਦਰ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਇਸ 'ਤੇ ਆਪਣੀ ਚੁੱਪੀ ਤੋੜਦੇ ਹੋਏ ਪੂਰੇ ਮਾਮਲੇ ਦੀ ਸੱਚਾਈ ਦੱਸੀ ਹੈ। ਹੁਣ ਨਾਨਾ ਨੇ ਇਸ ਪੂਰੀ ਘਟਨਾ ਦੀ ਸੱਚਾਈ ਦੱਸ ਕੇ ਵੱਡੇ ਪੱਧਰ 'ਤੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗ ਲਈ ਹੈ।
ਇਥੇ ਜਾਣੋ ਪੂਰੀ ਘਟਨਾ ਦੀ ਸੱਚਾਈ: ਇਸ ਵਿਵਾਦ ਦੇ ਫੈਲਣ ਤੋਂ ਬਾਅਦ ਨਾਨਾ ਪਾਟੇਕਰ ਨੇ 15 ਨਵੰਬਰ ਦੀ ਰਾਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਘਟਨਾ ਦੀ ਪੂਰੀ ਸੱਚਾਈ ਦੱਸੀ ਹੈ। ਨਾਨਾ ਨੇ ਕਿਹਾ, 'ਦੇਖੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੈਂ ਇੱਕ ਬੱਚੇ ਨੂੰ ਮਾਰਿਆ ਹੈ, ਹਾਲਾਂਕਿ ਇਹ ਸਾਡੀ ਫਿਲਮ ਦਾ ਇੱਕ ਸੀਨ ਹੈ, ਜਿੱਥੇ ਇੱਕ ਵਿਅਕਤੀ ਪਿੱਛੇ ਤੋਂ ਆਉਂਦਾ ਹੈ ਅਤੇ ਮੈਂ ਉਸਨੂੰ ਮਾਰਦਾ ਹਾਂ ਅਤੇ ਕਹਿੰਦਾ ਹਾਂ, 'ਇਹ ਕੋਈ ਤਰੀਕਾ ਹੈ।'
ਨਾਨਾ ਨੇ ਅੱਗੇ ਕਿਹਾ, 'ਅਸੀਂ ਇੱਕ ਰਿਹਰਸਲ ਪਹਿਲਾਂ ਹੀ ਕਰ ਲਈ ਸੀ ਅਤੇ ਡਾਇਰੈਕਟਰ ਨੇ ਸਾਨੂੰ ਇੱਕ ਹੋਰ ਰਿਹਰਸਲ ਕਰਨ ਲਈ ਕਿਹਾ, ਤਾਂ ਅਸੀਂ ਸ਼ੁਰੂ ਕਰਨ ਹੀ ਵਾਲੇ ਸੀ, ਜਦੋਂ ਇੱਕ ਬੱਚਾ ਆਇਆ ਅਤੇ ਹੁਣ ਸਾਨੂੰ ਨਹੀਂ ਪਤਾ ਸੀ ਕਿ ਇਹ ਮੁੰਡਾ ਕੌਣ ਹੈ, ਅਸੀਂ ਸੋਚਿਆ ਉਹ ਸਾਡੇ ਮੁੰਡਿਆਂ ਵਿੱਚੋਂ ਹੀ ਇੱਕ ਸੀ, ਇਸ ਲਈ ਸੀਨ ਦੇ ਅਨੁਸਾਰ ਅਸੀਂ ਉਸਨੂੰ ਥੱਪੜ ਮਾਰਿਆ ਅਤੇ ਉਸਨੂੰ ਕਿਹਾ ਕਿ ਦੁਰਵਿਹਾਰ ਨਾ ਕਰੋ, ਇੱਥੋਂ ਚਲੇ ਜਾਓ…। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਸਾਡਾ ਮੁੰਡਾ ਨਹੀਂ ਹੈ, ਉਹ ਕੋਈ ਹੋਰ ਹੈ। ਇਸ ਲਈ ਜਦੋਂ ਅਸੀਂ ਉਸਨੂੰ ਬੁਲਾਉਣ ਜਾ ਰਹੇ ਸੀ ਤਾਂ ਉਹ ਭੱਜ ਗਿਆ ਸੀ, ਹਾਲਾਂਕਿ ਅਸੀਂ ਕਦੇ ਕਿਸੇ ਨੂੰ ਫੋਟੋ ਖਿੱਚਣ ਤੋਂ ਨਹੀਂ ਰੋਕਿਆ, ਅਸੀਂ ਅਜਿਹਾ ਨਹੀਂ ਕਰਦੇ, ਬਹੁਤ ਭੀੜ ਹੈ, ਹੁਣ ਇਹ ਗਲਤੀ ਨਾਲ ਹੋ ਸਕਦਾ ਹੈ, ਮਾਫ ਕਰਨਾ, ਕੋਈ ਭੁਲੇਖਾ ਸੀ, ਲੋਕੀ ਸਾਨੂੰ ਬਹੁਤ ਪਿਆਰ ਕਰਦੇ ਨੇ।'
ਦੱਸ ਦੇਈਏ ਕਿ ਨਾਨਾ ਪਾਟੇਕਰ ਵਾਰਾਣਸੀ ਵਿੱਚ ਆਪਣੀ ਅਗਲੀ ਫਿਲਮ ਜਰਨੀ ਦੀ ਸ਼ੂਟਿੰਗ ਕਰ ਰਹੇ ਸਨ। ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਹਨ ਅਤੇ ਉਨ੍ਹਾਂ ਦੇ ਬੇਟੇ ਉਤਕਰਸ਼ ਸ਼ਰਮਾ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਹਨ।