ਚੰਡੀਗੜ੍ਹ: 'ਤਾਰਿਆਂ ਦੀ ਲੋਏ', 'ਅੱਖੀਆਂ ਬੈਚੇਨ' ਵਰਗੇ ਖੂਬਸੂਰਤ ਗੀਤ ਪੰਜਾਬੀ ਮੰਨੋਰੰਜਨ ਜਗਤ ਦੀ ਚੋਲੀ ਪਾਉਣ ਵਾਲੇ ਪੰਜਾਬੀ ਗਾਇਕ ਨੱਛਤਰ ਗਿੱਲ ਕਈ ਦਿਨਾਂ ਤੋਂ ਮੁਸ਼ਕਿਲ ਦੌਰ ਵਿੱਚ ਗੁਜ਼ਰ ਰਹੇ ਹਨ, ਕਿਉਂਕਿ ਗਾਇਕ ਦੀ ਪਤਨੀ ਦਾ ਬੀਤੇ ਸਮੇਂ ਵਿੱਚ ਦੇਹਾਂਤ ਹੋ ਗਿਆ। ਹੁਣ ਅਦਾਕਾਰ ਨੇ ਪਤਨੀ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ 'ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ ਬਿੰਦਰ, ਅੱਜ ਸਾਡਾ ਵਿਆਹ ਹੋਇਆ ਸੀ...ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਹਰ ਪਲ ਯਾਦ ਕਰਦਾ ਹਾਂ, ਤੁਸੀਂ ਜਿੱਥੇ ਵੀ ਹੋਵੋ, ਵਰ੍ਹੇਗੰਢ ਮੁਬਾਰਕ'। ਪੋਸਟ ਤੋਂ ਪਤਾ ਲੱਗਦਾ ਹੈ ਕਿ ਅੱਜ ਯਾਨੀ 13 ਦਸੰਬਰ ਨੂੰ ਗਾਇਕ ਦਾ ਵਿਆਹ ਹੋਇਆ ਸੀ, ਪਤਨੀ ਦੀ ਬੇਵਕਤੀ ਮੌਤ ਕਾਰਨ ਉਹ ਅੱਜ ਦੇ ਦਿਨ ਬਹੁਤ ਹੀ ਦੁਖੀ ਹਨ।
ਇਸ ਤੋਂ ਪਹਿਲਾਂ ਵੀ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਸੀ ਅਤੇ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਕਵਿਤਾ ਦੀ ਤੁਕ 'ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਹੈ' ਸਾਂਝੀ ਕੀਤੀ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਾਇਕ ਆਪਣੀ ਪਤਨੀ ਦੇ ਸਦਮੇ ਵਿੱਚੋਂ ਅਜੇ ਤੱਕ ਨਹੀਂ ਨਿਕਲ ਸਕਿਆ।