ਚੰਡੀਗੜ੍ਹ: ਬਾਲੀਵੁੱਡ ਸੰਗੀਤ ਜਗਤ 'ਚ ਸਫਲ ਅਤੇ ਪ੍ਰਤਿਭਾਸ਼ਾਲੀ ਸੰਗੀਤਕ ਜੋੜੀ ਵਜੋਂ ਮਸ਼ਹੂਰ, ਸਚਿਨ-ਜਿਗਰ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੇ ਸਦਾ ਬਹਾਰ ਸੰਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣਾ ਸਥਾਨ ਬਣਾਉਂਦੇ ਆ ਰਹੇ ਹਨ, ਜੋ ਹੁਣ ਮੁੜ ਸ਼੍ਰੇਆ ਘੋਸ਼ਾਲ ਨਾਲ ਪੁਰਾਣਾ ਜਾਦੂ ਦੁਹਰਾਉਣ ਜਾ ਰਹੇ ਹਨ, ਜਿੰਨਾਂ ਵੱਲੋਂ ਇਕੱਠਿਆਂ ਰਚਿਆ ਗਿਆ ਨਵਾਂ ਗਾਣਾ 'ਤੂੰ ਮੇਰੀ ਹੈ' ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
ਉਕਤ ਰੁਮਾਂਟਿਕ ਸਿੰਗਲ ਨਾਲ ਸੰਗੀਤਕ ਖੇਤਰ ਵਿੱਚ ਫਿਰ ਪ੍ਰਭਾਵੀ ਦਸਤਕ ਦੇਣ ਵਾਲੀਆਂ ਇਹ ਤਿੰਨੋਂ ਪ੍ਰਤਿਭਾਵਾਨ ਸੰਗੀਤਕ ਸ਼ਖਸ਼ੀਅਤਾਂ ਇਸ ਤੋਂ ਪਹਿਲਾਂ ਸਾਲ 2011 ਵਿੱਚ ਰਿਲੀਜ਼ ਹੋਈ ਫਿਲਮ 'ਸ਼ੋਰ ਇਨ ਦਿ ਸਿਟੀ' ਦੇ ਸੁਪਰਹਿੱਟ ਗਾਣੇ 'ਸਾਈਬੋ' ਲਈ ਵੀ ਸ਼ਾਨਦਾਰ ਕਲੋਬਰੇਸ਼ਨ ਕਰ ਚੁੱਕੀਆਂ ਹਨ। ਜਿੰਨਾਂ ਦਾ ਇਹ ਮਨ ਨੂੰ ਛੂਹ ਜਾਣ ਵਾਲਾ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਵਿੱਚ ਸਫ਼ਲ ਰਿਹਾ ਸੀ।
ਹਿੰਦੀ ਸਿਨੇਮਾ ਵਿੱਚ ਇੱਕ ਵਾਰ ਫਿਰ ਚਰਚਾ ਦਾ ਕੇਂਦਰਬਿੰਦੂ ਬਣੇ ਇਸ ਗਾਣੇ ਨੂੰ ਲੈ ਕੇ ਉਕਤ ਸੰਗੀਤਕਾਰ ਜੋੜੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿੰਨਾਂ ਆਉਣ ਵਾਲੇ ਗੀਤ ਅਤੇ ਸ਼੍ਰੇਆ ਘੋਸ਼ਾਲ ਨਾਲ ਮਿਲ ਕੇ ਕੰਮ ਕਰਨ ਬਾਰੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ 'ਤੂੰ ਮੇਰੀ ਹੈ' ਬਹੁਤ ਖੂਬਸੂਰਤ ਗੀਤ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਪੁਰਾਣੇ ਦੌਰ ਦੀ ਯਾਦ ਤਾਜ਼ਾ ਕਰਵਾਏਗਾ।