ਚੰਡੀਗੜ੍ਹ: ਭਾਰਤੀ ਸਾਹਿਤ ਦੇ ਖੇਤਰ ਵਿੱਚ ਆਪਣਾ ਨਾਂਅ ਸੁਨਿਹਰੇ ਅਲਫਾਜ਼ਾਂ ਵਿੱਚ ਦਰਜ ਕਰਵਾਉਣ ਵਾਲੇ ਮੁਨਸ਼ੀ ਪ੍ਰੇਮ ਚੰਦ ਜੀ ਦੇ ਮਸ਼ਹੂਰ ਨਾਵਲ 'ਗੋਦਾਨ' ਨੂੰ ਸਿਨੇਮਾ ਸਕਰੀਨ 'ਤੇ ਪ੍ਰਤਿਬਿੰਬ ਕੀਤਾ ਜਾ ਰਿਹਾ ਹੈ, ਜਿਸ 'ਤੇ ਅਧਾਰਿਤ ਹਿੰਦੀ ਫਿਲਮ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜੋ ਬਾਲੀਵੁੱਡ ਦੇ ਦਿੱਗਜ ਅਤੇ ਮੰਝੇ ਹੋਏ ਫਿਲਮਕਾਰ ਅਸ਼ੋਕ ਤਿਆਗੀ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ।
'ਦੀਨ ਦਿਆਲ ਕਾਮਧੇਨੁ ਗੋਸ਼ਾਲਾ ਸੰਮਤੀ' ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਗ੍ਰੈਂਡ ਮਹੂਰਤ ਅੱਜ ਮੁੰਬਈ ਵਿਖੇ ਕਰ ਦਿੱਤਾ ਗਿਆ, ਜਿਸ ਦੌਰਾਨ ਫਿਲਮ ਦਾ ਰਸਮੀ ਆਗਾਜ਼ ਕਰਨ ਦੀ ਰਸਮ ਆਰਐਸਐਸ ਚੀਫ ਸ੍ਰੀ ਮੋਹਨ ਭਗਵਤ ਨੇ ਅਦਾ ਕੀਤੀ, ਜਿਸ ਦੌਰਾਨ ਸਿਨੇਮਾ ਅਤੇ ਰਾਜਨੀਤਿਕ ਖੇਤਰ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਵੀ ਉਚੇਚੇ ਤੌਰ 'ਤੇ ਸ਼ੁੱਭਕਾਮਨਾਵਾਂ ਦੇਣ ਪੁੱਜੀਆਂ।
ਬਾਲੀਵੁੱਡ ਵਿੱਚ ਅਲਹਦਾ ਸਿਨੇਮਾ ਦੀ ਸਿਰਜਣਾ ਕਰਨ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਨਿਰਦੇਸ਼ਕ ਅਸ਼ੋਕ ਤਿਆਗੀ, ਜਿੰਨਾਂ ਅਨੁਸਾਰ ਉਨਾਂ ਦੀ ਇਸ ਨਵੀਂ ਫਿਲਮ ਦਾ ਨਿਰਮਾਣ ਵਿਨੋਦ ਕੁਮਾਰ ਚੌਧਰੀ ਅਤੇ ਸੰਦੀਪ ਮਰਵਾਹ ਕਰ ਰਹੇ ਹਨ, ਜਦਕਿ ਸੰਗੀਤ ਹਿਰਜੂ ਰਾਏ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਸਕਰੀਨ ਅਤੇ ਡਾਇਲਾਗ ਲੇਖਨ ਦੀ ਜਿੰਮੇਵਾਰੀ ਸੁਸ਼ੀਲ ਭਾਰਤੀ ਨਿਭਾਉਣਗੇ।
ਸਾਹਿਤ ਖੇਤਰ ਵਿੱਚ ਮਕਬੂਲੀਅਤ ਪੱਖੋਂ ਕਈ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ ਮੁਨਸ਼ੀ ਪ੍ਰੇਮਚੰਦ ਦਾ ਲਿਖਿਆ ਇਹ ਪ੍ਰਸਿੱਧ ਹਿੰਦੀ ਨਾਵਲ। ਜੋ ਪਹਿਲੀ ਵਾਰ 1936 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸਨੂੰ ਆਧੁਨਿਕ ਭਾਰਤੀ ਸਾਹਿਤ ਦੇ ਮਹਾਨ ਹਿੰਦੀ ਨਾਵਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਸਮਾਜਿਕ-ਆਰਥਿਕ ਪਛੜੇਵੇਂ ਦੇ ਨਾਲ-ਨਾਲ ਗਰੀਬਾਂ ਦੇ ਸ਼ੋਸ਼ਣ ਦੇ ਦੁਆਲੇ ਥੀਮ ਵਾਲਾ ਇਹ ਨਾਵਲ ਪ੍ਰੇਮਚੰਦ ਦਾ ਆਖਰੀ ਸੰਪੂਰਨ ਨਾਵਲ ਸੀ। ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ 1957 ਵਿੱਚ ਜੈ ਰਤਨ ਅਤੇ ਪੁਰਸ਼ੋਤਮ ਲਾਲ ਨੇ ਇੱਕ ਗਾਂ ਦੇ ਦਾਨ ਵਜੋਂ ਕੀਤਾ ਹੈ। ਉਕਤ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਨਿਰਦੇਸ਼ਕ ਅਸ਼ੋਕ ਤਿਆਗੀ, ਜਿੰਨਾਂ ਅਨੁਸਾਰ ਮਹੂਰਤ ਉਪਰੰਤ ਇਸ ਫਿਲਮ ਦੀ ਸ਼ੂਟਿੰਗ ਵੀ ਨਾਲੋਂ ਨਾਲ ਸ਼ੁਰੂ ਕੀਤੀ ਜਾ ਰਹੀ ਹੈ, ਜੋ ਸਟਾਰਟ ਟੂ ਫਿਨਿਸ਼ ਸ਼ੈਡਿਊਲ ਅਧੀਨ ਮੁਕੰਮਲ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਵੀ ਜਲਦ ਕਰ ਦਿੱਤਾ ਜਾਵੇਗਾ।