ਚੰਡੀਗੜ੍ਹ: ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਪੰਜਾਬੀ ਫ਼ਿਲਮ ਦੀ ਘੋਸ਼ਣਾ ਹੁੰਦੀ ਰਹਿੰਦੀ ਹੈ, ਫਿਲਮਾਂ ਦਾ ਵਿਸ਼ਾ ਰੁਮਾਂਸ ਅਤੇ ਐਕਸ਼ਨ 'ਤੇ ਆਧਾਰਿਤ ਹੁੰਦਾ ਹੈ। ਪਰ ਜਿਸ ਪੰਜਾਬੀ ਫਿਲਮ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਬਹੁਤ ਵੱਡੀ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਜੀ ਹਾਂ...ਅਸੀਂ ਤੁਹਾਡੇ ਚਹੇਤੇ ਐਮੀ ਵਿਰਕ ਅਤੇ ਦੇਵ ਖਰੌੜ ਦੀ ਫਿਲਮ 'ਜੱਟ ਜਿਉਣਾ ਮੌੜ' ਦੀ ਗੱਲ਼ ਕਰ ਰਹੇ ਹਾਂ। ਪੰਜਾਬੀ ਸਿਨੇਮਾ ਦੇ ਦੋ ਮੈਗਾਸਟਾਰ ਵੱਡੇ ਪਰਦੇ 'ਤੇ ਇਕੱਠੇ ਆ ਰਹੇ ਹਨ।
ਪਿਛਲੇ ਸਾਲ ਅਦਾਕਾਰ ਐਮੀ ਵਿਰਕ ਅਤੇ ਦੇਵ ਖਰੌੜ ਨੇ ਅਪਡੇਟ ਸਾਂਝੀ ਕੀਤੀ ਸੀ ਕਿ ਉਹ ਇਕ ਵਿਲੱਖਣ ਸੰਕਲਪ ਅਧਾਰਤ ਫਿਲਮ ਦੀ ਤਿਆਰੀ ਕਰ ਰਹੇ ਹਨ। ਖਰੌੜ ਨੇ ਘੋੜ ਸਵਾਰੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਰੀਕ 2 ਦੇ ਵਿੱਚ ਦੋਵੇਂ ਅਦਾਕਾਰ ਕੰਮ ਕਰ ਰਹੇ ਹਨ।
ਪਰ ਬਾਅਦ ਵਿੱਚ ਕਲਾਕਾਰਾਂ ਦੇ ਪ੍ਰਸ਼ੰਸਕਾਂ ਦੀ ਇਸ ਉਲਝਣ ਨੂੰ ਜਲਦ ਹੀ ਦੂਰ ਕਰ ਦਿੱਤਾ ਸੀ, ਜਦੋਂ ਦੋਹਾਂ ਨੇ ਫਿਲਮ ਦੀ ਸ਼ੂਟਿੰਗ ਦੀ ਫੋਟੋ ਸਾਂਝੀ ਕੀਤੀ ਸੀ। ਹੁਣ ਅਦਾਕਾਰ ਨੇ ਖੁਦ ਹੀ ਫਿਲਮ ਬਾਰੇ ਅਪਡੇਟ ਸਾਂਝੀ ਕਰ ਦਿੱਤੀ ਹੈ, ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ...ਉਮੀਦ ਕਰਦਾ ਕਿ ਸਾਰੇ ਠੀਕ ਹੋਵੋਗੇ...ਸਾਡੀ ਫਿਲਮ ਮੌੜ ( ਲਹਿੰਦੀ ਰੁੱਤ ਦੇ ਨਾਇਕ ) 16 ਜੂਨ ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ...ਸਾਰੀ ਟੀਮ ਨੇ ਬਹੁਤ ਹੀ ਜਿਆਦਾ ਮਿਹਨਤ ਕੀਤੀ ਐ, ਉਮੀਦ ਕਰਦਾਂ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਜਿਆਦਾ ਪਸੰਦ ਆਉਗੀ...ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਘੋੜੇ ਉਤੇ ਬੈਠੇ ਦੀ ਫੋਟੋ ਵੀ ਸਾਂਝੀ ਕੀਤੀ ਹੈ।