ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਬਾਲੀਵੁੱਡ ਸੰਗੀਤ ਖੇਤਰ ਵਿੱਚ ਚੋਖਾ ਨਾਂਅ ਅਤੇ ਸ਼ਾਨਦਾਰ ਵਜੂਦ ਕਾਇਮ ਕਰ ਚੁੱਕੇ ਗਾਇਕ ਮਾਸਟਰ ਸਲੀਮ ਇੰਨ੍ਹੀਂ ਦਿਨ੍ਹੀਂ ਆਸਟ੍ਰੇਲੀਆ ਦੇ ਵਿਸ਼ੇਸ਼ ਦੌਰੇ 'ਤੇ ਹਨ, ਜਿੱਥੋਂ ਦੇ ਮੈਲਬੌਰਨ ਵਿਖੇ ਅੱਜ ਸ਼ਾਮ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਵੀ ਉਹ ਹਿੱਸਾ ਬਣਨਗੇ।
'ਰੂਹਾਨੀ ਤਾਰਨ ਰਿਕਾਰਡਜ਼' ਵੱਲੋਂ ਆਯੋਜਿਤ ਕਰਵਾਏ ਜਾ ਰਹੇ ਉਕਤ ਸ਼ੋਅ ਵਿੱਚ ਆਸਟ੍ਰੇਲੀਆ ਭਰ ਤੋਂ ਦਰਸ਼ਕ ਸ਼ਾਮਿਲ ਹੋਣਗੇ, ਜਿਸ ਸੰਬੰਧੀ ਆਯੋਜਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਸੰਗੀਤਕ ਕੰਨਸਰਟ ਅਤੇ ਮੀਟ ਐਂਡ ਗ੍ਰੀਟ ਪ੍ਰੋਗਰਾਮਾਂ ਅਧੀਨ ਇਸ ਵਿਦੇਸ਼ੀ ਧਰਤੀ ਪੁੱਜੇ ਹੋਣਹਾਰ ਗਾਇਕ ਦਾ ਸੰਗੀਤ ਪ੍ਰੇਮੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮੈਲਬੌਰਨ ਏਅਰਪੋਰਟ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਉਕਤ ਮੌਕੇ ਗਰਮਜੋਸ਼ੀ ਨਾਲ ਹੋਏ ਸੁਆਗਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਸਲੀਮ ਨੇ ਕਿਹਾ ਕਿ ਕਈ ਸਾਲਾਂ ਬਾਅਦ ਉਹ ਇਸ ਖਿੱਤੇ ਵਿੱਚ ਪੁੱਜੇ ਹਨ, ਪਰ ਜੋ ਪਿਆਰ, ਸਨੇਹ ਇੱਥੇ ਪੁੱਜਦਿਆਂ ਹੀ ਮਿਲਿਆ ਹੈ, ਉਸ ਲਈ ਜਿੰਨ੍ਹਾ ਸ਼ੁਕਰੀਆ ਪ੍ਰਗਟ ਕਰਾਂ, ਉਨ੍ਹਾਂ ਹੀ ਘੱਟ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕੀ ਹੋਵੇ ਜਾਂ ਫਿਰ ਹਿੰਦੀ ਸਿਨੇਮਾ ਦਾ ਸੰਗੀਤ ਖੇਤਰ, ਹਰ ਜਗ੍ਹਾਂ ਭਰਪੂਰ ਕਾਮਯਾਬੀ ਅਤੇ ਹੁਣ ਤੱਕ ਜੋ ਵੀ ਮੁਕਾਮ ਅਤੇ ਉਪਲਬੱਧੀਆਂ ਹਾਸਿਲ ਕਰ ਸਕਿਆ ਹਾਂ, ਉਹ ਸਭ ਮੇਰੇ ਚਾਹੁੰਣ ਵਾਲਿਆਂ ਦੇ ਸਦਕਾ ਹੀ ਸੰਭਵ ਹੋ ਪਾਈਆਂ ਹਨ, ਜੋ ਲਗਾਤਾਰ ਕੁਝ ਹੋਰ ਚੰਗੇਰ੍ਹਾ ਕਰਨ ਲਈ ਉਤਸ਼ਾਹਿਤ ਕਰਦੇ ਆ ਰਹੇ ਹਨ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਗਾਇਕੀ ਕਰੀਅਰ ਦੇ ਹਰ ਪੜ੍ਹਾਅ ਦੌਰਾਨ ਮਿਆਰੀ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਫਲਤਾ ਲਈ ਕਦੇ ਸ਼ਾਰਟਕੱਟ ਰਾਹ ਵੀ ਨਹੀਂ ਅਪਨਾਇਆ ਅਤੇ ਭਵਿੱਖ ਵਿਚ ਵੀ ਆਪਣੀ ਕਰਮਭੂਮੀ ਲਈ ਅਜਿਹੇ ਹੀ ਯਤਨ ਅਤੇ ਮਾਪਦੰਢ ਜਾਰੀ ਰੱਖਾਗਾਂ।
ਉਕਤ ਸ਼ੋਅ ਦੇ ਆਯੋਜਕਾਂ ਅਨੁਸਾਰ ਸੂਫੀ ਗਾਇਕੀ ਵਿਚ ਖਾਸੀ ਮੁਹਾਰਤ ਰੱਖਦੇ ਇਸ ਪ੍ਰਤਿਭਾਸ਼ਾਲੀ ਗਾਇਕ ਵੱਲੋਂ ਕੀਤੇ ਜਾ ਰਹੇ ਸ਼ੋਅ ਅਤੇ ਮਿਲਣੀ ਪ੍ਰੋਗਰਾਮਾਂ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਉਤਸੁਕਤਾ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਸ਼ੋਅ ਅਤੇ ਪ੍ਰੋਗਰਾਮ ਸਫਲਤਾ ਦੇ ਨਵੇਂ ਆਯਾਮ ਕਾਇਮ ਕਰਨਗੇ।
ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਪੰਜਾਬੀ ਸੰਗੀਤ ਮਾਰਕੀਟ ਵਿੱਚ ਜਾਰੀ ਹੋਏ ਇਸ ਬਾ-ਕਮਾਲ ਗਾਇਕ ਦੇ ਕਈ ਤਾਜ਼ੇ ਗੀਤਾਂ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾਂ ਦਿੱਤਾ ਗਿਆ ਹੈ, ਜਿੰਨ੍ਹਾਂ ਵਿੱਚ ਧਾਰਮਿਕ ਗੀਤ 'ਜੋਗੀਆ' ਤੋਂ ਇਲਾਵਾ ਪੰਜਾਬੀ ਫਿਲਮ 'ਸ਼ਾਤਰ' ਵਿਚ ਗਾਇਆ 'ਰੱਬਾ' ਵੀ ਆਦਿ ਸ਼ੁਮਾਰ ਰਹੇ ਹਨ।