ਹੈਦਰਾਬਾਦ: ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਆਉਣ ਵਾਲੀ ਫਿਲਮ ਮਸਤਾਨੇ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਰਸੇਮ ਦਰਸ਼ਕਾਂ ਲਈ ਕੁਝ ਧਮਾਕੇਦਾਰ ਕਰਨ ਜਾ ਰਹੇ ਹਨ।
ਤਰਸੇਮ ਜੱਸੜ ਨੇ ਸ਼ੇਅਰ ਕੀਤਾ ਫਿਲਮ ਮਸਤਾਨੇ ਦਾ ਟ੍ਰੇਲਰ:ਇਸ ਫਿਲਮ ਦਾ ਟ੍ਰੇਲਰ ਤਰਸੇਮ ਜੱਸੜ ਵੱਲੋ ਆਪਣੇ ਸੋਸ਼ਲ ਮੀਡੀਆ ਅਕਾਊਟ 'ਤੇ ਸਾਂਝਾ ਕੀਤਾ ਗਿਆ ਹੈ। ਇਸ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਤਰਸੇਮ ਜੱਸੜ ਨੇ ਕੈਪਸ਼ਨ ਵਿੱਚ ਲਿਖਿਆ ਹੈ," ਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਉ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਉ। ਅਕਾਲ ਹੀ ਅਕਾਲ। ਮਸਤਾਨੇ ਟ੍ਰੇਲਰ ਆ ਗਿਆ ਜੀ, ਸ਼ੁਕਰ ਤੋਂ ਬਿਨਾ ਮੇਰੇ ਕੋਲ ਕੁਝ ਨੀ ਕਹਿਣ ਲਈ, ਮਾਲਕ ਮੇਹਰ ਕਰੇ।"
ਫਿਲਮ ਮਸਤਾਨੇ ਇਸ ਦਿਨ ਸਿਨੇਮਾਂ ਘਰਾਂ 'ਚ ਹੋਵੇਗੀ ਰਿਲੀਜ਼: ਜੇਕਰ ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ, ਤਾਂ ਇਹ ਫਿਲਮ 25 ਅਗਸਤ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ ਅਤੇ ਇਸ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਮਸਤਾਨੇ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਹੁਣ ਫਿਲਮ ਮਸਤਾਨੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫਿਲਮ ਮਸਤਾਨੇ 'ਚ ਇਹ ਸਿਤਾਰੇ ਆਉਣਗੇ ਨਜ਼ਰ: ਜਾਣਕਾਰੀ ਲਈ ਦੱਸ ਦਈਏ ਕਿ ਇਸ ਫਿਲਮ 'ਚ ਤਰਸੇਮ ਜੱਸੜ ਤੋਂ ਇਲਾਵਾ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਅਤੇ ਬਨਿੰਦਰ ਬੰਨੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਲੇਖ਼ਨ ਅਤੇ ਨਿਰਦੇਸ਼ਨ ਸ਼ਰਨ ਦੁਆਰਾ ਕੀਤਾ ਗਿਆ ਹੈ।
ਤਰਸੇਮ ਜੱਸੜ ਦਾ ਕਰੀਅਰ:ਤਰਸੇਮ ਜੱਸੜ ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਹਨ, ਜੋ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਨਾਲ ਜੁੜੇ ਹੋਏ ਹਨ। ਉਹ ਰੱਬ ਦਾ ਰੇਡੀਓ ਅਤੇ ਰੱਬ ਦਾ ਰੇਡੀਓ 2 ਫਿਲਮਾਂ ਵਿੱਚ ਆਪਣੇ ਕੰਮ ਲਈ ਮਸ਼ਹੂਰ ਹਨ। ਜੱਸੜ ਨੇ ਆਪਣੇ ਲੇਬਲ ਸਾਥੀ ਕੁਲਬੀਰ ਝਿੰਜਰ ਨਾਲ 2013 ਵਿੱਚ ਆਪਣਾ ਲੇਬਲ 'ਵੇਹਲੀ ਜਨਤਾ ਰਿਕਾਰਡਸ' ਲਾਂਚ ਕੀਤਾ ਸੀ। ਤਰਸੇਮ ਜੱਸੜ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦੀਆਂ ਫਿਲਮਾਂ ਵਿੱਚ ਮਾਂ ਦਾ ਲਾਡਲਾ, ਰੱਬ ਦਾ ਰੇਡੀਓ 2, ਓ ਅ, ਅਫ਼ਸਰ, ਦਾਣਾ ਪਾਣੀ, ਸਰਦਾਰ ਮੁਹੰਮਦ, ਰੱਬ ਦਾ ਰੇਡੀਓ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋ ਗਾਏ ਹੋਏ ਗੀਤਾਂ ਦੀ ਗੱਲ ਕੀਤੀ ਜਾਵੇਂ, ਤਾਂ ਉਨ੍ਹਾਂ ਦੇ ਗੀਤ ਗਲਵੱਕੜੀ, ਕ੍ਰੀਜ਼, ਰਜ਼ਾ, ਰੋਸ ਬਡ, ਤੇਰਾ ਮੇਰਾ, ਯਾਰ ਮੇਰੇ, ਗੀਤ ਦੇ ਵਰਗੀ, ਖੜੂਸ, ਅਸੂਲ, ਮਾਹੀ ਵੇ, ਕਜਲਾ, ਜੱਟਾ ਦੇ ਮੁੰਡੇ ਅਤੇ ਸ਼ੌਂਕੀਨ ਆਦਿ ਸ਼ਾਮਲ ਹਨ।