ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਸੁਰਖੀਆਂ 'ਚ ਰਹੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕ ਮਨਕੀਰਤ ਨੇ ਰੇਕੀ ਕਰਨ ਦੀ ਸ਼ਿਕਾਇਤ ਮੋਹਾਲੀ ਦੇ ਐਸਐਸਪੀ ਦਫ਼ਤਰ ਨੂੰ ਦਿੱਤੀ ਹੈ। ਮੋਹਾਲੀ ਪੁਲਿਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਿਕਾਇਤ ਆਈ ਹੈ ਅਤੇ ਸੀਸੀਟੀਵੀ ਫੁਟੇਜ਼ ਵੀ ਪ੍ਰਾਪਤ ਹੋਈ ਹੈ। ਆਲੇ-ਦੁਆਲੇ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਪੂਰੀ ਘਟਨਾ:ਜਾਣਕਾਰੀ ਮੁਤਾਬਕ ਮਨਕੀਰਤ ਔਲਖ ਰਾਤ ਨੂੰ ਕਰੀਬ ਪੌਣੇ ਇਕ ਵਜੇ ਚੰਡੀਗੜ੍ਹ ਤੋਂ ਹੋਮਲੈਂਡ ਸਥਿਤ ਆਪਣੇ ਘਰ ਜਾ ਰਿਹਾ ਸੀ। ਫਿਰ ਰਸਤੇ ਵਿੱਚ ਉਸਦੇ ਸੁਰੱਖਿਆ ਕਰਮਚਾਰੀਆਂ ਨੇ ਦੇਖਿਆ ਕਿ ਇੱਕ ਬਾਈਕ ਸਵਾਰ ਤਿੰਨ ਨੌਜਵਾਨ ਉਸਦੀ ਕਾਰ ਦਾ ਪਿੱਛਾ ਕਰ ਰਹੇ ਸਨ। ਮਨਕੀਰਤ ਔਲਖ ਦੀਆਂ ਗੱਡੀਆਂ ਸੁਸਾਇਟੀ ਵਿੱਚ ਦਾਖ਼ਲ ਹੋਈਆਂ। ਇਸ ਤੋਂ ਬਾਅਦ ਜਦੋਂ ਉਸ ਦਾ ਗੰਨਮੈਨ ਅਤੇ ਸੁਸਾਇਟੀ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ ਬਾਹਰ ਆਏ ਤਾਂ ਤਿੰਨੋਂ ਨੌਜਵਾਨ ਫ਼ਰਾਰ ਹੋ ਗਏ। ਇਸ ਤੋਂ ਬਾਅਦ ਕਾਰ ਦਾ ਪਿੱਛਾ ਕਰਦੇ ਨੌਜਵਾਨ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਪੁਲਿਸ ਬਾਈਕ ਦੇ ਨੰਬਰ ਅਤੇ ਪਿੱਛਾ ਕਰ ਰਹੇ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਆਧਾਰ 'ਤੇ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਮਨਕੀਰਤ ਔਲਖ ਦਾ ਸਿੱਧੂ ਦੇ ਕੇਸ ਨਾਲ ਸੰਬੰਧ:ਦੱਸ ਦੇਈਏ ਕਿ ਮਨਕੀਰਤ ਔਲਖ ਦਾ ਨਾਂ ਉਸ ਸਮੇਂ ਸੁਰਖੀਆਂ 'ਚ ਆਇਆ ਸੀ, ਜਦੋਂ ਉਸ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦਾ ਇਲਜ਼ਾਮ ਲੱਗਿਆ ਸੀ। ਪਰ ਪੰਜਾਬ ਪੁਲਿਸ ਨੇ ਆਪਣੀ ਜਾਂਚ ਵਿੱਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਸੀ।