ਚੰਡੀਗੜ੍ਹ: ਹਿੰਦੀ ਸਿਨੇਮਾ ਦੀ ਦਿੱਗਜ ਅਤੇ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਬਾਰੇ ਕੌਣ ਨਹੀਂ ਜਾਣਦਾ। ਮੀਨਾ ਕੁਮਾਰੀ ਜਿੰਨੀ ਖੂਬਸੂਰਤ ਸੀ, ਉਸ ਤੋਂ ਵੀ ਕਿਤੇ ਜਿਆਦਾ ਉਸ ਦੀ ਅਦਾਕਾਰੀ ਖੂਬਸੂਰਤ ਸੀ। ਜੋ ਸਿਨੇਮਾ ਪ੍ਰੇਮੀ ਮੀਨਾ ਕੁਮਾਰੀ ਦੇ ਸਾਰੇ ਪੱਖਾਂ ਬਾਰੇ ਜਾਣਨਾ ਚਾਹੁੰਦੇ ਹਨ, ਉਹਨਾਂ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਹਿੰਦੀ ਸਿਨੇਮਾ ਦੀ ਇਸ ਦਿੱਗਜ ਅਦਾਕਾਰਾ ਮੀਨਾ ਕੁਮਾਰੀ ਦੀ ਬਾਇਓਪਿਕ ਬਣਨ ਜਾ ਰਹੀ ਹੈ।
ਇਸਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੀਨਾ ਕੁਮਾਰੀ ਦਾ ਕਿਰਦਾਰ ਬਾਲੀਵੁੱਡ ਦੀ ਹੌਟ ਅਦਾਕਾਰਾ ਕ੍ਰਿਤੀ ਸੈਨਨ ਨਿਭਾਏਗੀ। ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਮੀਨਾ ਕੁਮਾਰੀ ਦੀ ਇਸ ਬਾਇਓਪਿਕ ਦਾ ਨਿਰਦੇਸ਼ਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ ਕਰਨ ਜਾ ਰਹੇ ਹਨ। ਆਓ ਇਥੇ ਇਸ ਫਿਲਮ ਨਾਲ ਜੁੜੀਆਂ ਕੁੱਝ ਅਹਿਮ ਗੱਲ਼ਾਂ ਉਤੇ ਚਾਨਣਾ ਪਾਈਏ।
ਕਿਹਾ ਜਾ ਰਿਹਾ ਹੈ ਕਿ ਮੀਨਾ ਕੁਮਾਰੀ ਦੀ ਇਸ ਬਾਇਓਪਿਕ ਦੇ ਕਾਰਜ ਸ਼ੁਰੂ ਹੋ ਗਏ ਹਨ, ਫਿਲਮ ਦੀ ਸਕ੍ਰਿਪਟਿੰਗ ਚੱਲ ਰਹੀ ਹੈ ਅਤੇ ਬਾਅਦ 'ਚ ਫਿਲਮ ਦੀ ਕਾਸਟਿੰਗ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ ਬਤੌਰ ਨਿਰਦੇਸ਼ਕ ਆਪਣੀ ਨਵੀਂ ਪਾਰੀ ਸ਼ੁਰੂ ਕਰਨਗੇ ਭਾਵ ਕਿ ਉਹ ਇਸ ਫਿਲਮ ਨਾਲ ਆਪਣਾ ਡੈਬਿਊ ਕਰਨਗੇ। ਇਸ ਫਿਲਮ ਦੇ ਨਿਰਮਾਤਾ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਹੋਣਗੇ ਅਤੇ ਬਾਲੀਵੁੱਡ ਦੀ ਪਰਮ ਸੁੰਦਰੀ ਕ੍ਰਿਤੀ ਸੈਨਨ ਨੂੰ ਮੀਨਾ ਦਾ ਰੋਲ ਨਿਭਾਉਣ ਦਾ ਮੌਕਾ ਪ੍ਰਾਪਤ ਹੋਵੇਗਾ।
ਮੀਨਾ ਕੁਮਾਰੀ ਬਾਰੇ: ਦੱਸ ਦੇਈਏ ਕਿ ਮੀਨਾ ਕੁਮਾਰੀ ਨੂੰ ਹਿੰਦੀ ਸਿਨੇਮਾ ਵਿੱਚ ਸੁਪਰਸਟਾਰ ਦਿਲੀਪ ਕੁਮਾਰ ਵਰਗਾ ਸਥਾਨ ਮਿਲਿਆ ਹੋਇਆ ਹੈ। ਦਿਲੀਪ ਕੁਮਾਰ ਨੂੰ 'ਟ੍ਰੈਜੇਡੀ ਕਿੰਗ' ਅਤੇ ਮੀਨਾ ਕੁਮਾਰੀ ਨੂੰ 'ਟ੍ਰੈਜੇਡੀ ਕੁਵੀਨ' ਕਿਹਾ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਘਰੇਲੂ ਮਜ਼ਬੂਰੀਆਂ ਕਾਰਨ ਪੜ੍ਹਾਈ ਨਾ ਕਰ ਸਕੀ ਮੀਨਾ ਕੁਮਾਰੀ ਨੂੰ ਆਪਣੀ ਮਰਜ਼ੀ ਦੇ ਖਿਲਾਫ ਹਿੰਦੀ ਸਿਨੇਮਾ ਨਾਲ ਜੁੜਨਾ ਪਿਆ ਸੀ। ਮੀਨਾ ਦਾ ਜਨਮ 1 ਅਗਸਤ 1933 ਨੂੰ ਦਾਦਰ, ਮੁੰਬਈ ਵਿੱਚ ਹੋਇਆ ਸੀ ਅਤੇ ਸਿਰਫ 39 ਸਾਲ ਦੀ ਉਮਰ ਵਿੱਚ ਲੀਵਰ ਫੇਲ੍ਹ ਹੋਣ ਕਾਰਨ 31 ਮਾਰਚ 1972 ਨੂੰ ਉਸਦੀ ਮੌਤ ਹੋ ਗਈ ਸੀ।
ਮੀਨਾ ਕੁਮਾਰ ਦੀ ਨਿੱਜੀ ਜ਼ਿੰਦਗੀ:ਦੱਸ ਦਈਏ ਕਿ ਸਾਲ 1952 'ਚ ਮੀਨਾ ਕੁਮਾਰੀ ਨੇ ਹਿੰਦੀ ਸਿਨੇਮਾ ਦੇ ਮਸ਼ਹੂਰ ਪਟਕਥਾ ਲੇਖਕ ਅਤੇ ਨਿਰਦੇਸ਼ਕ ਕਮਲ ਅਮਰੋਹੀ ਨਾਲ ਆਪਣੇ ਪਰਿਵਾਰ ਵਾਲਿਆਂ ਤੋਂ ਗੁਪਤ ਵਿਆਹ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਮੀਨਾ ਕੁਮਾਰੀ ਨੂੰ ਉਸਦੇ ਪਤੀ ਨੇ ਬਹੁਤ ਤੰਗ ਕੀਤਾ ਸੀ। ਮੀਨਾ ਕੁਮਾਰੀ ਦਾ ਅੰਤ ਬਹੁਤ ਹੈਰਾਨ ਕਰਨ ਵਾਲਾ ਸੀ। ਪਤੀ ਨਾਲ ਲੜਾਈ ਤੋਂ ਬਾਅਦ ਮੀਨਾ ਕੁਮਾਰੀ ਬਿਮਾਰ ਰਹਿਣ ਲੱਗ ਪਈ ਸੀ ਅਤੇ ਉਸ ਨੂੰ ਸ਼ਰਾਬ ਪੀਣ ਲਈ ਮਜ਼ਬੂਰ ਕੀਤਾ ਗਿਆ ਸੀ। ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੂੰ ਲਿਵਰ ਸਿਰੋਸਿਸ ਨਾਂ ਦੀ ਬੀਮਾਰੀ ਹੋ ਗਈ ਪਰ ਵਿਦੇਸ਼ 'ਚ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਠੀਕ ਨਹੀਂ ਹੋ ਸਕੀ ਅਤੇ ਅੰਤ ਸਾਨੂੰ ਸਭ ਨੂੰ ਅਲਵਿਦਾ ਬੋਲ ਗਈ।