ਚੰਡੀਗੜ੍ਹ: ਪੰਜਾਬੀ ਸਾਹਿਤ, ਥੀਏਟਰ ਅਤੇ ਸਿਨੇਮਾ ਜਗਤ ਵਿੱਚ ਅਜ਼ੀਮ ਸ਼ਖਸ਼ੀਅਤ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਵਰਿਆਮ ਮਸਤ, ਜਿੰਨਾਂ ਨੂੰ ਦਿੱਲੀ ਵਿਖੇ ਆਯੋਜਿਤ ਹੋਏ ਰਾਸ਼ਟਰੀ ਪੁਰਸਕਾਰ ਸਮਾਰੋਹ ਦੌਰਾਨ ਰੰਗਮੰਚ, ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਪਾਏ ਅਨੂਠੇ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਦੇਸ਼ ਦੀ ਰਾਜਧਾਨੀ ਵਿਖੇ ਵੱਡੇ ਪੱਧਰ ਉੱਪਰ ਆਯੋਜਿਤ ਕਰਵਾਏ ਗਏ ਇਸ ਸ਼ਾਨਦਾਰ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨਾਂ ਦੇ ਤੌਰ 'ਤੇ ਮਾਨਯੋਗ ਪ੍ਰਤਿਮਾ ਭੌਮਿਕ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਅਤੇ ਭਾਜਪਾ ਦੇ ਅਹਿਮ ਬੁਲਾਰੇ ਡਾ. ਸਮਿਤ ਪਾਤਰਾ ਨੇ ਸ਼ਿਰਕਤ ਕੀਤੀ।
ਇਸ ਸਮੇਂ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਹਾਜ਼ਰ ਉੱਚ ਸਖਸ਼ੀਅਤਾਂ ਨੇ ਕਿਹਾ ਕਿ ਖਿੱਤਾ ਚਾਹੇ ਕੋਈ ਵੀ ਹੋਵੇ, ਉਸ ਨੂੰ ਸਨਮਾਨਜਨਕ ਰੁਤਬੇ ਤੱਕ ਪਹੁੰਚਾਉਣ ਵਿੱਚ ਸਮੇਂ ਦਰ ਸਮੇਂ ਕਈ ਹਸਤੀਆਂ ਅਹਿਮ ਯੋਗਦਾਨ ਪਾਉਂਦੀਆਂ ਹਨ, ਜਿੰਨਾਂ ਨੂੰ ਮਾਣ ਸਨਮਾਨ ਦਿੱਤਾ ਜਾਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਹੋਰਨਾਂ ਵਿਚ ਵੀ ਇਸ ਦਿਸ਼ਾ ਵਿੱਚ ਕੁਝ ਨਾ ਕੁਝ ਚੰਗੇਰਾ ਕਰਨ ਦਾ ਉਤਸ਼ਾਹ ਪੈਦਾ ਹੋ ਸਕੇ।
ਸਾਹਿਤਕਾਰ-ਫਿਲਮਕਾਰ ਵਰਿਆਮ ਮਸਤ ਉਨਾਂ ਅੱਗੇ ਕਿਹਾ ਕਿ ਉਕਤ ਉਪਰਾਲਿਆਂ ਅਧੀਨ ਹੀ ਆਯੋਜਿਤ ਕੀਤਾ ਗਿਆ ਇਹ ਸਮਾਰੋਹ ਇੱਕ ਸਲਾਹੁਣਯੋਗ ਤਰੱਦਦ ਹੈ, ਜਿਸ ਦੀ ਲੜੀ ਅਗਾਂਹ ਵੀ ਜਾਰੀ ਰਹਿਣੀ ਚਾਹੀਦੀ ਹੈ, ਜਿਸ ਨਾਲ ਹਰ ਖੇਤਰ ਖਾਸ ਕਰ ਕਲਾ, ਸੱਭਿਆਚਾਰ ਨੂੰ ਹੋਰ ਨਵੇਂ ਆਯਾਮ ਦੇਣ ਵਿਚ ਵੀ ਮਦਦ ਮਿਲੇਗੀ।
ਦੇਸ਼ ਪੱਧਰੀ ਉਕਤ ਸਮਾਰੋਹ ਦੌਰਾਨ ਮਿਲੇ ਇਸ ਅਹਿਮ ਮਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਣਮੱਤੇ ਸਾਹਿਤਕਾਰ ਅਤੇ ਫਿਲਮਕਾਰ ਵਰਿਆਮ ਮਸਤ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਕੀਤੀ ਮਿਹਨਤ ਅਤੇ ਜਨੂੰਨ ਹਮੇਸ਼ਾ ਰੰਗ ਲਿਆਉਂਦਾ ਹੈ।
ਉਨਾਂ ਕਿਹਾ ਕਿ ਹਾਸਿਲ ਹੋਇਆ ਇਹ ਮਾਣ ਮੇਰੇ ਇਕੱਲੇ ਦਾ ਨਹੀਂ ਹੈ, ਬਲਕਿ ਪੂਰੇ ਕਲਾ ਅਤੇ ਸੱਭਿਆਚਾਰਕ ਖੇਤਰ ਦਾ ਹੈ, ਜਿਸਨੂੰ ਪਹਿਲਾਂ ਦੀ ਤਰ੍ਹਾਂ ਅਗਾਂਹ ਵੀ ਆਪਣਾ ਸੋ ਫੀਸਦੀ ਦੇਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ।
ਗੌਰਮਿੰਟ ਆਫ ਇੰਡੀਆ ਦੇ ਮਨਿਸਟਰੀ ਆਫ ਇੰਨਫੋਰਮੇਸ਼ਨ ਅਤੇ ਬਰਾਡਕਾਸਟਿੰਗ ਸੰਬੰਧਤ ਗੀਤ ਅਤੇ ਡਰਾਮਾ ਵਿਭਾਗ ਦੇ ਡਾਇਰੈਕਟਰ ਵਜੋਂ ਲੰਮਾ ਸਮਾਂ ਕਾਰਜਸ਼ੀਲ ਰਹੇ ਹਨ ਵਰਿਆਮ ਮਸਤ, ਜਿੰਨਾਂ ਦਾ ਸਾਹਿਤ, ਸਿਨੇਮਾ ਖੇਤਰ ਨਾਲ ਬਣੇ ਜੁੜਾਵ ਦਾ ਸਫ਼ਰ ਕਈ ਦਹਾਕਿਆਂ ਨਾਲ ਦਾ ਲੰਮੇਰਾ ਪੈਂਡਾ ਹੰਢਾ ਚੁੱਕਾ ਹੈ, ਜਿਸ ਨੂੰ ਸਮੇਂ-ਸਮੇਂ ਚਾਰ ਚੰਨ ਲਾਉਣ ਅਤੇ ਗਲੋਬਲੀ ਅਧਾਰ ਦੇਣ ਵਿੱਚ ਇੰਨਾਂ ਵੱਲੋਂ ਲਗਾਤਾਰ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।