ਪੰਜਾਬ

punjab

ETV Bharat / entertainment

Monu Kamboj: ਫਿਲਮ 'ਮੌੜ’ ਨਾਲ ਚਰਚਾ ’ਚ ਨੇ ਐਕਸ਼ਨ ਨਿਰਦੇਸ਼ਕ ਮੋਨੂੰ ਕੰਬੋਜ, ਨਿੱਕੀ ਉਮਰੇ ਹਾਸਿਲ ਕਰ ਰਿਹਾ ਐ ਵੱਡੀਆਂ ਪ੍ਰਾਪਤੀਆਂ

ਪੰਜਾਬੀ ਦੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਐਕਸ਼ਨ ਕੋਰਿਓਗ੍ਰਾਫ਼ ਕਰ ਚੁੱਕੇ ਮੋਨੂੰ ਕੰਬੋਜ ਇੰਨੀਂ ਦਿਨੀਂ ਫਿਲਮ 'ਮੌੜ' ਨੂੰ ਲੈ ਕੇ ਚਰਚਾ ਵਿੱਚ ਹੈ, ਇਥੇ ਅਸੀਂ ਨਿਰਦੇਸ਼ਕ ਦੇ ਕਰੀਅਰ ਬਾਰੇ ਸਾਰੀ ਜਾਣਕਾਰੀ ਲੈ ਕੇ ਆਏ ਹਾਂ।

Monu Kamboj
Monu Kamboj

By

Published : Jun 5, 2023, 12:54 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ’ਚ ਸੁਰਖ਼ੀਆਂ ਦਾ ਕੇਂਦਰ-ਬਿੰਦੂ ਬਣੀ ‘ਮੌੜ ਲਹਿੰਦੀ ਰੁੱਤ ਦੇ ਨਾਇਕ’ ਦੇ ਨਿਵੇਕਲੇ ਮੁਹਾਂਦਰੇ ਨਾਲ ਜਿੱਥੇ ਇਸ ਵਿਚਲੇ ਤਮਾਮ ਅਦਾਕਾਰ ਸੁਰਖ਼ੀਆਂ ’ਚ ਬਣੇ ਹੋਏ ਹਨ, ਉਥੇ ਇਸੇ ਫਿਲਮ ਦੀ ਟੀਮ ਨਾਲ ਜੁੜਿਆ ਇਕ ਹੋਰ ਹੋਣਹਾਰ ਨੌਜਵਾਨ ਮੋਨੂੰ ਕੰਬੋਜ ਵੀ ਕਾਫ਼ੀ ਚਰਚਾ ’ਚ ਹੈ, ਜਿਸ ਵੱਲੋਂ ਬਤੌਰ ਐਕਸ਼ਨ ਨਿਰਦੇਸ਼ਕ ਇਸ ਫਿਲਮ ਨੂੰ ਬੇਹਤਰੀਨ ਅਤੇ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ।

ਗੁਰਨਾਮ ਭੁੱਲਰ- ਮੋਨੂੰ ਕੰਬੋਜ

ਹਰਿਆਣਾ ਦੇ ਸਿਰਸਾ ਨਾਲ ਸੰਬੰਧਤ ਅਤੇ ਇਕ ਸਾਧਾਰਨ ਪਰਿਵਾਰ ਨਾਲ ਤਾਲੁਕ ਰੱਖਦੇ ਇਸ ਪ੍ਰਤਿਭਾਵਾਨ ਸ਼ਖ਼ਸ਼ ਦੇ ਜੀਵਨ ਅਤੇ ਹੁਣ ਤੱਕ ਦੇ ਸਿਨੇਮਾ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅੰਦਾਜ਼ਾਂ ਸਹਿਜੇ ਹੀ ਹੋ ਜਾਂਦਾ ਹੈ ਕਿ ਇਕ ਲੰਮੇ ਸੰਘਰਸ਼ ਪੈਂਡੇ ਨੂੰ ਹੰਢਾਉਣ ਵਾਲਾ ਇਹ ਬਹੁਮੁੱਖੀ ਨੌਜਵਾਨ ਭੱਠੀ ਵਿਚੋਂ ਤੱਪ ਕੇ ਸੋਨਾ ਬਣਿਆ ਹੈ।

ਬਤੌਰ ਰੈਸਲਰ ਆਪਣੇ ਅੱਲੜ੍ਹ ਜੀਵਨ ਦਾ ਆਗਾਜ਼ ਕਰਨ ਵਾਲੇ ਮੋਨੂੰ ਕੰਬੋਜ ਨੇ ਤਰਨਤਾਰਨ ਦੀ ਮਸ਼ਹੂਰ 'ਕਰਿਆਲਾ ਕਬੱਡੀ ਅਕਾਦਮੀ' ਤੋਂ ਰੈਸਲਿੰਗ ਦੇ ਗੁਣ ਹਾਸਿਲ ਕੀਤੇ। ਇਸ ਉਪਰੰਤ ਉਸ ਨੇ 2011 ’ਚ ਬਾਬਾ ਅਵਤਾਰ ਸਿੰਘ ਅਕਾਦਮੀ ਘਰਿਆਲਾ ਪੱਟੀ ’ਚ ਵੀ ਡੇਢ ਦੋ ਸਾਲ ਇਸੇ ਗੇਮ ’ਚ ਹੋਰ ਮੁਹਾਰਤ ਪ੍ਰਾਪਤ ਕੀਤੀ।

ਮੋਨੂੰ ਕੰਬੋਜ

'ਨੈਸ਼ਨਲ ਸਪੋਰਟਸ ਅਕਾਦਮੀ ਐਨਆਈਐਸ' ਪਟਿਆਲਾ ’ਚ ਮਸ਼ਹੂਰ ਖੇਡ ਸ਼ਖ਼ਸ਼ੀਅਤ ਪਲਵਿੰਦਰ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਕੁਸ਼ਤੀ ਪਲੇਅਰ ਦੇ ਤੌਰ 'ਤੇ ਨਾਮਣਾ ਖੱਟਣ ਵੱਲ ਵਧੇ ਇਸ ਨੌਜਵਾਨ ਨੂੰ ਇਸ ਸਮੇਂ ਦੌਰਾਨ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਦੀਆਂ ਤਕਦੀਰਾਂ ਵਿਚ ਇਸ ਖੇਡ ਖੇਤਰ ਵਿਚ ਵਿਚਰਣਾ ਨਹੀਂ ਬਲਕਿ ਫਿਲਮੀ ਖੇਤਰ ਦੇ ਚਮਚਮਾਉਂਦੇ ਆਕਾਸ਼ ਵਿਚ ਧਰੂ ਤਾਰੇ ਵਾਂਗ ਚਮਕਣਾ ਲਿਖਿਆ ਹੈ।

ਇਸੇ ਬਣਦੇ ਵਿਗੜ੍ਹਦੇ ਜੀਵਨ ਅਤੇ ਕਰੀਅਰ ਸਮੀਕਰਨਾਂ ਦੇ ਚੱਲਦਿਆਂ ਮੋਨੂੰ ਸਰੀਰਕ ਪੱਖੋਂ ਤਕੜੇ ਅਤੇ ਆਕਰਸ਼ਕ ਵਿਅਕਤੀਤਵ ਦੇ ਚਲਦਿਆਂ ਪਹਿਲਾਂ ਬਾਊਂਸਰ, ਫਿਰ ਫਾਈਟਰ ਅਤੇ ਆਖ਼ਰ ਆਪਣੇ ਜਨੂੰਨੀਅਤ ਨਾਲ ਕੀਤੀ ਮਿਹਨਤ ਦੇ ਚਲਦਿਆਂ ਆਜ਼ਾਦ ਐਕਸ਼ਨ ਨਿਰਦੇਸ਼ਕ ਦੇ ਤੌਰ 'ਤੇ ਐਸੇ ਚਮਕੇ ਕਿ ਅੱਜ ਉਨ੍ਹਾਂ ਤੋਂ ਬਗੈਰ ਕਿਸੇ ਵੀ ਵੱਡੀ ਫਿਲਮ ਦੀ ਰੂਪ-ਰੇਖ਼ਾ ਅਤੇ ਵਜ਼ੂਦ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ।

ਪੰਜਾਬੀ ਗਾਇਕ ਸ਼ੈਰੀ ਮਾਨ ਦੇ ਅਤਿ ਮਕਬੂਲ ਗੀਤ 'ਕੈਰਮ ਬੋਰਡ' ਨਾਲ ਐਕਸ਼ਨ ਕੋਰਿਓਗ੍ਰਾਫ਼ਰ ਦੀ ਰਸਮੀ ਸ਼ੁਰੂਆਤ ਕਰਨ ਵਾਲੇ ਮੋਨੂੰ ਕੰਬੋਜ ਹੁਣ ਤੱਕ 50 ਦੇ ਕਰੀਬ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਦਾ ਐਕਸ਼ਨ ਕੋਰਿਓਗ੍ਰਾਫ਼ ਕਰ ਚੁੱਕੇ ਹਨ, ਜਿੰਨ੍ਹਾਂ ਵਿਚ 'ਸਾਹਬ ਬਹਾਦਰ', 'ਉੱਚਾ ਪਿੰਡ', 'ਚੰਨਾ ਮੇਰਿਆ', 'ਲੇਖ', 'ਜ਼ਿਲ੍ਹਾ ਸੰਗਰੂਰ', 'ਕੈਰੀ ਆਨ ਜੱਟਾ 2', 'ਅਫਸਰ', 'ਵਾਰਦਾਤ', 'ਨੌਕਰ ਵਹੁਟੀ ਦਾ', 'ਭੱਜੋ ਵੀਰੋ ਵੇ', 'ਮੈਰਿਜ ਪੈਲਸ', 'ਕਦੇ ਹਾਂ ਕਦੇ ਨਾ', 'ਵਧਾਈਆਂ ਜੀ ਵਧਾਈਆਂ', 'ਕਿਸਮਤ ਪੁਆੜਾ', ਅੜਬ ਮੁਟਿਆਰਾਂ, 'ਲੌਂਗ ਲਾਚੀ2', 'ਮੋਹ', 'ਜੋੜੀ' ਆਦਿ ਜਿਹੀਆਂ ਚਰਚਿਤ ਅਤੇ ਕਾਮਯਾਬ ਫਿਲਮਾਂ ਸ਼ਾਮਿਲ ਰਹੀਆਂ ਹਨ।

ਮੋਨੂੰ ਕੰਬੋਜ

ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿਚ ਨਿਰਦੇਸ਼ਕ ਮਾਨਵ ਸ਼ਾਹ ਦੀ ਗੁਰਨਾਮ ਭੁੱਲਰ-ਕਰਤਾਰ ਚੀਮਾ ਸਟਾਰਰ ‘ਖਿਡਾਰੀ’, ਤਰਸੇਮ ਜੱਸੜ੍ਹ ਦੀ ‘ਮਸਤਾਨੇ’, ਨਵਨੀਅਤ ਸਿੰਘ ਨਿਰਦੇਸ਼ਿਤ 'ਬਲੈਕੀਆ 2', ਐਮੀ ਵਿਰਕ, ਬਿਨੂੰ ਢਿੱਲੋਂ ਨਾਲ ਸਮੀਪ ਕੰਪ ਨਿਰਦੇਸ਼ਿਤ ‘ਗੱਡੀ ਜਾਂਦੀ ਹੈ ਛਲਾਘਾਂ ਮਾਰਦੀ, ਗੱਬਰ ਸੰਗਰੂਰ ਦੀ ‘ਵਾਈਟ ਪੰਜਾਬ’, ਨਿਰਦੇਸ਼ਕ ਬਲਜੀਤ ਨੂਰ ਦੀ ‘ਜਨੌਰ’ ਆਦਿ ਸ਼ਾਮਿਲ ਹਨ।

ਉਨ੍ਹਾਂ 'ਮੋੜ' ਫਿਲਮ ਦੇ ਬੇਹਤਰੀਨ ਮੰਨੇ ਜਾ ਰਹੇ ਐਕਸ਼ਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਫਿਲਮ ਲਈ ਜਿੰਮੇਵਾਰੀ ਨਿਭਾਉਣਾ ਉਨਾਂ ਲਈ ਕਾਫ਼ੀ ਚੁਣੌਤੀਪੂਰਨ ਰਿਹਾ ਹੈ, ਕਿਉਂਕਿ ਇਹ ਫਿਲਮ ਉਨਾਂ ਲਈ ਇਸ ਗੱਲੋਂ ਵੀ ਕਾਫ਼ੀ ਖਾਸ ਅਤੇ ਮਾਇਨੇ ਰੱਖਦੀ ਹੈ ਕਿ ਇਸ ਲਈ ਪਹਿਲਾਂ ਸਾਊਥ ਅਤੇ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਐਕਸ਼ਨ ਨਿਰਦੇਸ਼ਕਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਸਨ, ਪਰ ਆਖ਼ਰ ਫਿਲਮ ਉਨਾਂ ਦੀ ਝੋਲੀ ਪਾਈ, ਜੋ ਉਨਾਂ ਦੇ ਕਰੀਅਰ ਲਈ ਇਕ ਸੁਨਿਹਰੇ ਅਧਿਆਏ ਅਤੇ ਯਾਦਗਾਰੀ ਤਜ਼ਰਬੇ ਵਾਂਗ ਰਹੀ ਹੈ।

ਮੋਨੂੰ ਕੰਬੋਜ

ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਐਕਸ਼ਨ ਨੂੰ ਉਸ ਦੇ ਕਹਾਣੀ ਸਮੇਂ ਦੇ ਮੁਤਾਬਕ ਸੱਚ ਰੂਪ ਦੇਣ ਲਈ ਉਨਾਂ ਕਾਫ਼ੀ ਮਿਹਨਤ ਅਤੇ ਰਿਸਰਚ ਕੀਤੀ ਤਾਂ ਕਿ ਕੋਈ ਵੀ ਐਕਸ਼ਨ ਦ੍ਰਿਸ਼ ਬਣਾਵਟੀ ਨਾ ਲੱਗੇ ਅਤੇ ਉਨਾਂ ਦੀ ਖੁਸ਼ਕਿਸਮਤੀ ਹੈ ਕਿ ਫਿਲਮ ਦੇ ਹਰ ਪੱਖ ਦੇ ਨਾਲ ਨਾਲ ਫਿਲਮ ਦੇ ਐਕਸ਼ਨ ਦੀ ਵੀ ਹਰ ਕੋਈ ਰੱਜ ਕੇ ਤਾਰੀਫ਼ ਕਰ ਰਿਹਾ ਹੈ, ਜੋ ਕਿ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਹਰਿਆਣਾ ਤੋਂ ਲੈ ਕੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਐਕਸ਼ਨ ਨਿਰਦੇਸ਼ਕ ਦੇ ਤੌਰ 'ਤੇ ਸ਼ਾਨਦਾਰ ਸਫ਼ਰ ਹੰਢਾ ਰਹੇ ਮੋਨੂੰ ਇਸ ਸਫ਼ਲਤਾ ਦਾ ਪੂਰਾ ਸਿਹਰਾ ਆਪਣੇ ਮਾਤਾ, ਪਿਤਾ ਤੋਂ ਇਲਾਵਾ ਪੰਜਾਬੀ ਸਿਨੇਮਾ ਦੀ ਮਸ਼ਹੂਰ ਹਸਤੀ ਜਰਨੈਲ ਸਿੰਘ ਨੂੰ ਦਿੰਦੇ ਹਨ, ਜਿੰਨ੍ਹਾਂ ਦੀਆਂ ਦੁਆਵਾਂ ਅਤੇ ਮਾਰਗ-ਦਰਸ਼ਨ ਸਦਕਾ ਹੀ ਉਨ੍ਹਾਂ ਨੂੰ ਇਹ ਮਾਣਮੱਤਾ ਮੁਕਾਮ ਅਤੇ ਵਜ਼ੂਦ ਹਾਸਿਲ ਹੋਇਆ ਹੈ।

ABOUT THE AUTHOR

...view details