ਮੁੰਬਈ (ਬਿਊਰੋ): ਦੇਸ਼ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਜੇਲ੍ਹ 'ਚ ਬੰਦ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਇਕ ਵਾਰ ਫਿਰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਲਮਾਨ ਖਾਨ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਦਿੱਤੇ ਇੰਟਰਵਿਊ 'ਚ ਕਿਹਾ ਹੈ ਕਿ ਉਸ ਨੇ ਖੁਦ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕੀਤਾ ਅਤੇ ਗੋਲਡੀ ਬਰਾੜ ਨੇ ਕਤਲ ਕਰਵਾਇਆ ਹੈ। ਉਸ ਨੇ ਇਕ ਵਾਰ ਫਿਰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਪੈਸੇ ਲਈ ਨਹੀਂ ਸਗੋਂ ਕਿਸੇ ਹੋਰ ਮਕਸਦ ਲਈ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ।
ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਜੇਕਰ ਸਲਮਾਨ ਖਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸਾਡੇ ਸਮਾਜ ਤੋਂ ਮੁਆਫੀ ਨਹੀਂ ਮੰਗਦੇ ਤਾਂ ਸਮਾਂ ਆਉਣ 'ਤੇ ਉਨ੍ਹਾਂ ਨੂੰ ਜਵਾਬ ਦਿੱਤਾ ਜਾਵੇਗਾ। ਹਾਲਾਂਕਿ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਵੀਡੀਓ ਇੰਟਰਵਿਊ ਕਿਵੇਂ ਦੇ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ।
ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਜੇਲ੍ਹ ਵਿੱਚ ਇਧਰੋਂ-ਉਧਰ ਫੋਨ ਆਉਂਦੇ ਸਨ ਅਤੇ ਇਹ ਸਾਰਾ ਪ੍ਰਬੰਧ ਅਸੀਂ ਜੇਲ੍ਹ ਵਿੱਚ ਹੀ ਕਰਦੇ ਹਾਂ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਲਾਰੈਂਸ ਬਿਸ਼ਨੋਈ ਨੇ ਸਾਫ ਕਿਹਾ ਕਿ ਉਹ ਪ੍ਰਸਿੱਧੀ ਲਈ ਸਲਮਾਨ ਖਾਨ ਨੂੰ ਨਹੀਂ ਮਾਰਨਾ ਚਾਹੁੰਦੇ। ਜੇਕਰ ਕੋਈ ਮਾਰ ਕੇ ਸ਼ੋਹਰਤ ਹਾਸਿਲ ਕਰਨਾ ਚਾਹੁੰਦਾ ਸੀ ਤਾਂ ਉਹ ਸਲਮਾਨ ਖਾਨ ਦੀ ਬਜਾਏ ਸ਼ਾਹਰੁਖ ਖਾਨ ਨੂੰ ਮਾਰ ਦਿੰਦਾ।