ਚੰਡੀਗੜ੍ਹ: ਜੇਕਰ ਤੁਸੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਹੋ ਤਾਂ ਇਹ ਖ਼ਬਰ ਯਕੀਨਨ ਤੁਹਾਡੇ ਲਈ ਹੈ, ਕਿਉਂਕਿ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਹ ਤੁਹਾਨੂੰ ਖੁਸ਼ ਕਰਨ ਵਾਲੀ ਹੈ, ਜੀ ਹਾਂ...ਅਸੀਂ ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਾਰੇ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ।
ਸਿੱਧੂ ਮੂਸੇ ਵਾਲਾ ਨੂੰ ਗੁਜ਼ਰਿਆ ਲਗਭਗ ਇੱਕ ਸਾਲ ਹੋ ਗਿਆ ਹੈ, ਪਰ ਜ਼ਖ਼ਮ ਅਜੇ ਵੀ ਤਾਜ਼ਾ ਨਜ਼ਰ ਆ ਰਿਹਾ ਹੈ। ਕਲਾਕਾਰ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦਾ ਸੰਗੀਤ ਅੱਜ ਵੀ ਉਨ੍ਹਾਂ ਨੂੰ ਲੱਖਾਂ ਦਿਲਾਂ 'ਚ ਜ਼ਿੰਦਾ ਰੱਖ ਰਿਹਾ ਹੈ। ਉਸਦੀ ਟੀਮ ਅਤੇ ਉਸਦੇ ਮਾਤਾ-ਪਿਤਾ ਉਸਦੇ ਕੁਝ ਅਣ-ਰਿਲੀਜ਼ ਹੋਏ ਗੀਤਾਂ ਨੂੰ ਰਿਲੀਜ਼ ਕਰਕੇ ਉਸਦੇ ਸੰਗੀਤ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਮਰਹੂਮ ਗਾਇਕ ਦਾ ਇੱਕ ਨਵਾਂ ਗੀਤ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਰਿਲੀਜ਼ ਕਰ ਦੇਣਗੇ। ਗੀਤ ਦੀ ਅਧਿਕਾਰਤ ਵੀਡੀਓ ਤਿਆਰ ਹੈ, ਪਰ ਫਿਲਹਾਲ ਉਹ ਗੀਤ ਦਾ ਆਡੀਓ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਉਹ ਸਿੱਧੂ ਦੀ ਟੀਮ ਨਾਲ ਗੱਲਬਾਤ ਕਰ ਰਹੇ ਹਨ। ਗੀਤ ਰਿਕਾਰਡ ਹੋ ਗਿਆ ਹੈ ਪਰ ਪਹਿਲਾਂ ਉਹ ਇਸ ਪ੍ਰੋਜੈਕਟ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੇ ਸਨ ਕਿਉਂਕਿ ਸਿੱਧੂ ਦੀ ਬਰਸੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਲਾਲ ਸਈਦ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹ ਜਲਦ ਹੀ ਸਿੱਧੂ ਦਾ ਨਵਾਂ ਗੀਤ ਰਿਲੀਜ਼ ਕਰਨਗੇ।
ਹੁਣ ਤੱਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ 2 ਗੀਤ 'SYL' ਅਤੇ 'ਵਾਰ' ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋ ਚੁੱਕੇ ਹਨ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ SYL ਸੀ ਜਿਹੜਾ ਕਿ 23 ਜੂਨ 2022 ਨੂੰ ਰਿਲੀਜ਼ ਕੀਤਾ ਗਿਆ ਸੀ। ਰਿਲੀਜ਼ ਕੀਤੇ ਗੀਤ ਵਿੱਚ ਪੰਜਾਬ ਦਾ ਸਭ ਤੋਂ ਵੱਧ ਸੁਰਖ਼ੀਆਂ ਵਿੱਚ ਰਹਿਣ ਵਾਲਾ ਮੁੱਦਾ ਭਾਵ ਕਿ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਨੂੰ ਖੜ੍ਹਾ ਕੀਤਾ ਗਿਆ ਸੀ ਜੋ ਕਿ ਹਰਿਆਣਾ ਅਤੇ ਪੰਜਾਬ ਦਰਮਿਆਨ ਵਧਦੇ ਤਣਾਅ ਦਾ ਕਾਰਨ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਦੇ 2 ਦਿਨ ਬਾਅਦ ਹੀ ਬੈਨ ਕਰ ਦਿੱਤਾ ਗਿਆ ਸੀ ਪਰ ਉਸ ਸਮੇਂ ਦੇ ਅੰਦਰ 2.7 ਕਰੋੜ ਵਿਊਜ਼ ਮਿਲ ਗਏ ਸਨ। ਇਸ ਤੋਂ ਬਾਅਦ ਯੋਧਾ ਸਰਦਾਰ ਹਰੀ ਸਿੰਘ ਨਲਵਾ ਬਾਰੇ ਉਨ੍ਹਾਂ ਦਾ ਗੀਤ 'ਵਾਰ' ਰਿਲੀਜ਼ ਕੀਤਾ ਗਿਆ। ਵਾਰ ਗੀਤ ਨੂੰ ਹੁਣ ਤੱਕ 4.4 ਕਰੋੜ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਗਾਇਕ ਦੇ ਗੀਤਾਂ ਨੂੰ ਦਿੱਤਾ ਜਾ ਰਿਹਾ ਪਿਆਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗਾਇਕ ਦੀ ਮੌਤ ਪੰਜਾਬੀ ਸੰਗੀਤ ਜਗਤ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ।
ਇਹ ਵੀ ਪੜ੍ਹੋ:Yaaran Da Rutbaa First Look Poster: ਦੇਵ ਖਰੌੜ ਦੀ ਫਿਲਮ 'ਯਾਰਾਂ ਦਾ ਰੁਤਬਾ' ਦਾ ਪਹਿਲਾਂ ਪੋਸਟਰ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਏ ਅਦਾਕਾਰ