ਚੰਡੀਗੜ੍ਹ:ਹਿੰਦੀ ਸਿਨੇਮਾ ਅਤੇ ਓਟੀਟੀ ਦਾ ਵੱਧ ਰਿਹਾ ਦਾਇਰਾ ਅਤੇ ਪ੍ਰਭਾਵ ਪੰਜਾਬੀ ਸਿਨੇਮਾ ਨਾਲ ਜੁੜੇ ਪ੍ਰਤਿਭਾਵਾਨ ਕਲਾਕਾਰਾਂ ਲਈ ਕਈ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਦਾ ਸਬੱਬ ਬਣ ਰਿਹਾ ਹੈ, ਜਿਸ ਦੀ ਲੜ੍ਹੀ ਵਜੋਂ ਹੀ ਬਾਲੀਵੁੱਡ ’ਚ ਹੁਣ ਹੋਰ ਨਵੇਂ ਸਿਨੇਮਾ ਆਯਾਮ ਸਿਰਜਣ ਵੱਲ ਵੱਧ ਰਹੇ ਹਨ ਬਾਕਮਾਲ ਪਾਲੀਵੁੱਡ ਐਕਟਰ ਲੱਖਾ ਲਹਿਰੀ, ਜੋ ਰਿਲੀਜ਼ ਹੋਣ ਜਾ ਰਹੀ ਨਵੀਂ ਹਿੰਦੀ ਫਿਲਮ ‘ਧਕ ਧਕ’ ਵਿੱਚ ਕਾਫ਼ੀ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ।
‘ਵਾਈਕਾਮ ਸਟੂਡਿਓਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ‘ਏਐਨ ਆਊਟਸਾਈਡਰਜ਼ ਫਿਲਮਜ਼ ਪ੍ਰੋਡੋਕਸ਼ਨ’ ਅਤੇ ‘ਬੀਐਲਐਮ ਪਿਕਚਰਜ਼’ ਦੇ ਸੁਯੰਕਤ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਤਰੁਣ ਦੁਧੇਜਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਅਹਿਮ ਬਾਲੀਵੁੱਡ ਪ੍ਰੋਜੈਕਟਾਂ ਦਾ ਅਹਿਮ ਹਿੱਸਾ ਰਹੇ ਹਨ।
ਬਾਲੀਵੁੱਡ ਦੇ ਵੱਡੇ ਫਿਲਮ ਨਿਰਮਾਣ ਹਾਊਸ ਵਿੱਚ ਆਉਂਦੇ ਵਾਈਕਾਮ ਸਟੂਡਿਓਜ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਅਦਾਕਾਰ ਲੱਖਾ ਲਹਿਰੀ ਬਹੁਤ ਹੀ ਪ੍ਰਭਾਵੀ ਹਿੱਸਾ ਬਣੇ ਵਿਖਾਈ ਦੇਣਗੇ, ਜਿੰਨ੍ਹਾਂ ਦੇ ਇਸ ਅਹਿਮ ਪ੍ਰੋਜੈਕਟ ਵਿੱਚ ਰਤਨਾ ਪਾਠਕ ਸ਼ਾਹ, ਫ਼ਾਤਿਮਾ ਸਨਾ ਸੇਖ਼, ਦੀਆ ਮਿਰਜ਼ਾ ਜਿਹੇ ਹੋਰ ਕਈ ਨਾਮਵਰ ਹਿੰਦੀ ਸਿਨੇਮਾ ਕਲਾਕਾਰ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।
ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਅਤੇ ਬੇਹਤਰੀਨ ਕਲਾਕਾਰ ਦੇ ਤੌਰ 'ਤੇ ਆਪਣਾ ਨਾਂ ਦਰਜ ਕਰਵਾਉਂਦੇ ਇਸ ਹੋਣਹਾਰ ਅਦਾਕਾਰ ਦੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਆਪਣੇ ਨਿਭਾਏ ਹਰ ਕਿਰਦਾਰ ਵਿੱਚ ਦਰਸ਼ਕਾਂ ਦੇ ਮਨ੍ਹਾਂ ਵਿੱਚ ਅਮਿਟ ਛਾਪ ਛੱਡਣ ਵਿੱਚ ਸਫ਼ਲ ਰਹੇ ਹਨ।
ਬੀਤੇ ਦਿਨੀਂ ਰਿਲੀਜ਼ ਹੋਈ ਐਮੀ ਵਿਰਕ ਅਤੇ ਆਪਾਰ ਸਫ਼ਲਤਾ ਹਾਸਿਲ ਕਰ ਰਹੀ ਸਟਾਰਰ ‘ਗੱਡੀ ਜਾਂਦੀ ਏ ਛਲਾਘਾਂ ਮਾਰਦੀ ਦਾ’ ਵੀ ਖਾਸ ਹਿੱਸਾ ਰਹੇ ਇਸ ਅਦਾਕਾਰ ਦੇ ਹੁਣ ਤੱਕ ਦੇ ਅਹਿਮ ਪ੍ਰੋਜੈਕਟਾਂ ਵਿੱਚ ਕਈ ਅਰਥ ਭਰਪੂਰ ਅਤੇ ਸ਼ਾਨਦਾਰ ਫਿਲਮਾਂ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵਿੱਚ ਲਘੂ ਫਿਲਮ ‘ਅਣਗਹਿਲੀ’, ਨੈੱਟਫਿਲਕਸ ਦੀ ਵੈੱਬ ਸੀਰੀਜ਼ 'ਕੋਹਰਾ', ਡਿਜ਼ਨੀ+ਹੌਟਸਟਾਰ ਦੀ ਵੈੱਬ ਸੀਰੀਜ਼ 'ਦਿ ਸਕੂਲ ਆਫ਼ ਲਾਈਫ਼', ਫਿਲਮ ‘ਯੂਥ ਫੈਸਟੀਵਲ’ ਆਦਿ ਹਨ।
ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾ ਮਾਨਸਾ ਨਾਲ ਸੰਬੰਧਤ ਅਤੇ ਪਿਛਲੇ ਕਈ ਸਾਲਾਂ ਤੋਂ ਰਜਵਾੜ੍ਹਾਸ਼ਾਹੀ ਸ਼ਹਿਰ ਪਟਿਆਲਾ ਵੱਸ ਰਹੇ ਇਹ ਉਮਦਾ ਐਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਲਮ ਅਤੇ ਥੀਏਟਰ ਵਿਭਾਗ ਦਾ ਵੀ ਪ੍ਰਭਾਵਸ਼ਾਲੀ ਹਿੱਸਾ ਹਨ, ਜਿੰਨ੍ਹਾਂ ਦੀ ਰੰਗਮੰਚ ਨਾਲ ਬਣੀ ਇਹ ਸਾਂਝ ਹਾਲੇ ਤੱਕ ਜਿਓ ਦੀ ਤਿਓ ਹੈ ਅਤੇ ਐਨਾ ਹੀ ਨਹੀਂ ਉਹਨਾਂ ਨੇ ਸਿਨੇਮਾ ਖੇਤਰ ਵਿੱਚ ਸਫ਼ਲਤਾ ਦਾ ਸਿਖਰ ਹੰਢਾਉਂਦਿਆਂ ਵੀ ਆਪਣੇ ਆਪ ਨੂੰ ਹਮੇਸ਼ਾ ਥੀਏਟਰ ਪ੍ਰਤੀ ਸਮਰਪਿਤ ਰੱਖਿਆ ਹੋਇਆ ਹੈ।
ਨਿਰਦੇਸ਼ਕ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਨਿਰਮਾਣ ਅਧੀਨ ਅਤੇ ਬਹੁ-ਚਰਚਿਤ ਪੰਜਾਬੀ ਫਿਲਮ ‘ਸੰਗਰਾਦ’ ਅਤੇ ਅਮਰਦੀਪ ਗਿੱਲ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਪੰਜਾਬੀ ਵੈੱਬ ਸੀਰੀਜ਼ ‘ਸੁੱਖਾ ਰੇਡਰ’ ਵਿੱਚ ਵੀ ਪ੍ਰਭਾਵਪੂਰਨ ਕਿਰਦਾਰ ਅਦਾ ਕਰ ਰਹੇ ਇਹ ਵਰਸਟਾਈਲ ਐਕਟਰ ਪੜ੍ਹਾਅ ਦਰ ਪੜ੍ਹਾਅ ਪੰਜਾਬੀ ਅਤੇ ਹਿੰਦੀ ਦੋਹਾਂ ਖੇਤਰਾਂ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੀ ਰਿਲੀਜ਼ ਹੋਣ ਜਾ ਰਹੀ ਉਕਤ ਹਿੰਦੀ ਫਿਲਮ ਉਨ੍ਹਾਂ ਲਈ ਮੁੰਬਈ ਨਗਰੀ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਦਾ ਵੀ ਸਬੱਬ ਬਣਨ ਜਾ ਰਹੀ ਹੈ।