ਅੰਮ੍ਰਿਤਸਰ:ਫਿਲਮ ਨਿਰਮਾਤਾ ਕਰਨ ਜੌਹਰ ਸ਼ਨੀਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਤੇ ਰਾਣੀ ਮੁਖਰਜੀ ਵੀ ਮੌਜੂਦ ਸਨ। ਦਿਲਚਸਪ ਗੱਲ ਇਹ ਹੈ ਕਿ ਸ਼ਨੀਵਾਰ ਨੂੰ ਜੌਹਰ ਦੀ ਮਾਂ ਹੀਰੂ ਜੌਹਰ 80ਵਾਂ ਜਨਮਦਿਨ ਸੀ, ਜਿਸ ਕਾਰਨ ਕਰਨ ਜੌਹਰ ਮਾਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਪਹੁੰਚੇ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਨੇ ਆਪਣੀ ਮਾਂ ਲਈ ਦਿਲ ਨੂੰ ਛੂਹ ਲੈਣ ਵਾਲਾ ਨੋਟ ਵੀ ਲਿਖਿਆ। ਕਰਨ ਨੇ ਆਪਣੀ, ਮਾਂ, ਮਰਹੂਮ ਪਿਤਾ ਅਤੇ ਬੱਚਿਆਂ ਯਸ਼ ਅਤੇ ਰੂਹੀ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਵੱਖ-ਵੱਖ ਅਦਾਕਾਰ ਸ੍ਰੀ ਦਰਬਾਰ ਸਾਹਿਬ ਹੋ ਰਹੇ ਨਤਮਸਤਕ :ਜ਼ਿਕਰਯੋਗ ਹੈ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਹੀ ਵੱਖ-ਵੱਖ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚ ਰਹੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਪਿਛਲੇ ਦਿਨੀਂ ਨੀਰੂ ਬਾਜਵਾ, ਜੱਸ ਬਾਜਵਾ, ਕੁਲਵਿੰਦਰ ਬਿੱਲਾ ਅਤੇ ਗੁਰਦਾਸ ਮਾਨ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਗਏ ਹਨ, ਜਿਸ ਤੋਂ ਬਾਅਦ ਅੱਜ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅਤੇ ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਅਤੇ ਉਸਦਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।