ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਮਸ਼ਹੂਰ ਚੈਟ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀ ਅਫਵਾਹ 'ਤੇ ਚੁੱਪੀ ਤੋੜੀ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 'TKSS' ਦਾ ਆਖਰੀ ਐਪੀਸੋਡ ਜੂਨ ਮਹੀਨੇ ਵਿੱਚ ਪ੍ਰਸਾਰਿਤ ਹੋਵੇਗਾ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਬ੍ਰੇਕ ਤੋਂ ਬਾਅਦ ਟੀਵੀ 'ਤੇ ਵਾਪਸੀ ਕਰੇਗਾ ਜਾਂ ਨਹੀਂ। ਇਨ੍ਹਾਂ ਅਫਵਾਹਾਂ 'ਤੇ ਬਿਆਨ ਦਿੰਦੇ ਹੋਏ ਕਪਿਲ ਨੇ ਕਿ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ ਅਤੇ ਕੁਝ ਸਮੇਂ 'ਚ ਕਾਮੇਡੀ ਸੀਰੀਜ਼ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।
ਮਸ਼ਹੂਰ ਕਾਮੇਡੀਅਨ ਐਕਟਰ ਅਤੇ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਸਾਰੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਸੀਜ਼ਨ ਦੀ ਅੰਤਿਮ ਪ੍ਰਸਾਰਣ ਮਿਤੀ ਨਿਰਧਾਰਤ ਕਰਨ ਲਈ ਫਿਲਹਾਲ ਕੋਈ ਸਮਾਂ ਸੀਮਾ ਨਹੀਂ ਹੈ। ਕਪਿਲ ਨੇ ਦੱਸਿਆ 'ਅਸੀਂ ਜੁਲਾਈ 'ਚ ਆਪਣੇ ਲਾਈਵ ਟੂਰ ਲਈ ਅਮਰੀਕਾ ਟੂਰ 'ਤੇ ਜਾਣਾ ਹੈ ਅਤੇ ਅਸੀਂ ਦੇਖਾਂਗੇ ਕਿ ਉਸ ਸਮੇਂ ਕੀ ਕਰਨਾ ਹੈ। ਹੁਣ ਇਸ ਵਿੱਚ ਸਮਾਂ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਸਾਲ 2016 'ਚ ਸ਼ੁਰੂ ਹੋਇਆ ਸੀ। ਸ਼ੋਅ ਦਾ ਚੌਥਾ ਸੀਜ਼ਨ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਅਰਚਨਾ ਪੂਰਨ ਸਿੰਘ ਨੇ ਇੱਕ ਗੈਸਟ ਜੱਜ ਵਜੋਂ ਆਪਣੀ ਭੂਮਿਕਾ ਨੂੰ ਨਿਭਾਇਆ ਸੀ।