ਚੰਡੀਗੜ੍ਹ: ਆਪਣੀ ਨਵੀਂ ਹਿੰਦੀ ਫ਼ਿਲਮ ‘ਜ਼ਵਿਗਾਟੋ’ ਦੀ ਪ੍ਰੋਮੋਸ਼ਨ ਅਤੇ ਹੋਲੀ ਦੇ ਸਿਲਸਿਲੇ ਅਧੀਨ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਕਪਿਲ ਸ਼ਰਮਾ ਨੇ ਆਪਣੇ ਇਸ ਜੱਦੀ ਸ਼ਹਿਰ ਵਿਖੇ ਜਾਰੀ ‘ਨੈਸ਼ਨਲ ਥੀਏਟਰ ਫੈਸਟੀਵਲ ਲੜ੍ਹੀ ’ਚ ਵੀ ਵਿਸ਼ੇਸ਼ ਮੌਜੂਦਗੀ ਦਰਜ ਕਰਵਾਈ ਅਤੇ ਇਸ ਦੌਰਾਨ ਉਨ੍ਹਾਂ ਰੰਗਮੰਚ ਅਤੇ ਕਲਾ ਖੇਤਰ ਨਾਲ ਜੁੜ੍ਹੇ ਆਪਣੇ ਪੁਰਾਣੇ ਸਾਥੀਆਂ ਨਾਲ ਬੀਤੀਆਂ ਅਤੇ ਆਪਣੇ ਸ਼ੁਰੂਆਤੀ ਸਮੇਂ ਦੀਆਂ ਯਾਦਾਂ ਵੀ ਤਾਜ਼ਾ ਕੀਤੀਆਂ।
National Theater Festival in Amritsar ਇਸ ਸਮੇਂ ਆਪਣੇ ਨਜ਼ਦੀਕੀ ਅਤੇ ਹੋਣਹਾਰ ਅਦਾਕਾਰ ਰਾਜੀਵ ਠਾਕੁਰ ਸਮੇਤ ਵਿਰਸਾ ਵਿਹਾਰ ਪੁੱਜੇ ਕਪਿਲ ਸ਼ਰਮਾ ਦਾ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਪਵਨਦੀਪ, ਗੁਰਤੇਜ਼ ਮਾਨ ਅਤੇ ਸਾਜਨ ਕੋਹਿਨੂਰ ਆਦਿ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਕਤ ਮੌਕੇ ਸਾਥੀਆਂ ਪਾਸੋਂ ਰੰਗਮੰਚ ਦੀ ਇਸ ਖਿੱਤੇ ’ਚ ਮੌਜੂਦਾ ਸਥਿਤੀ ਅਤੇ ਥੀਏਟਰ ਨੂੰ ਜਿਉਂਦਿਆਂ ਰੱਖਣ ਲਈ ਰੰਗਮੰਚ ਸ਼ਖ਼ਸ਼ੀਅਤਾਂ ਵੱਲੋਂ ਕੀਤੀਆਂ ਜਾ ਰਹੀ ਕੋਸ਼ਿਸ਼ਾਂ 'ਤੇ ਵੀ ਉਨ੍ਹਾਂ ਚਰਚਾ ਕੀਤੀ।
ਇੰਨ੍ਹਾਂ ਅਨਮੋਲ ਪਲਾਂ 'ਤੇ ਭਾਵੁਕ ਅਤੇ ਖੁਸ਼ ਹੋਏ ਕੇਵਲ ਧਾਲੀਵਾਲ ਨੇ ਕਿਹਾ ਕਿ ਇਹ ਦਿਨ ਸਾਡੇ ਸਾਰਿਆਂ ਲਈ ਬਹੁਤ ਸੁਹਾਵਣਾ ਅਤੇ ਯਾਦਗਾਰੀ ਹੋ ਗਿਆ ਹੈ ਕਿਉਂਕਿ ਕਪਿਲ ਸ਼ਰਮਾ ਦੀ ਆਮਦ ਨਾਲ ਉਨ੍ਹਾਂ ਦੇ ਜੋਸ਼ ਅਤੇ ਉਤਸ਼ਾਹ ਵਿਚ ਬਹੁਤ ਸਾਰਾ ਵਾਧਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਕਪਿਲ ਨੇ ਉਨ੍ਹਾਂ ਨੂੰ ਇਹ ਭਰੋਸਾ ਵੀ ਦਿਵਾਇਆ ਹੈ ਕਿ ਆਉਣ ਵਾਲੇ ਦਿਨ੍ਹਾਂ ’ਚ ਵੀ ਉਹ ਆਪਣੇ ਇਸ ਸ਼ਹਿਰ ਦੀਆਂ ਰੰਗਮੰਚ ਗਤੀਵਿਧੀਆਂ ਵਿਚ ਬਰਾਬਰ ਆਪਣੀ ਹਾਜ਼ਰੀ ਲਗਵਾਉਂਦੇ ਰਹਿਣਗੇ ਅਤੇ ਇਸ ਖਿੱਤੇ ਦੀ ਬੇਹਤਰੀ ਲਈ ਜੋ ਕੁਝ ਵੀ ਉਨ੍ਹਾਂ ਕੋਲੋ ਹੋ ਸਕਿਆ, ਉਹ ਕਰਦੇ ਰਹਿਣਗੇ।
ਜੇਕਰ ਉਕਤ ਫੈਸਟੀਵਲ ਦੇ ਅਹਿਮ ਪੱਖਾਂ ਦੀ ਗੱਲ ਕਰੀਏ ਤਾਂ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਦੁਆਰਾ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 20ਵੇਂ ਫੈਸਟੀਵਲ ਵਿਚ ਪੰਜਾਬਭਰ ਦੀਆਂ ਮੰਨੀ ਪ੍ਰਮੰਨੀਆਂ ਥੀਏਟਰ ਸ਼ਖ਼ਸੀਅਤਾਂ ਅਤੇ ਨਾਟਕ ਟੀਮਾਂ ਭਾਗ ਲੈ ਰਹੀਆਂ ਹਨ, ਜਿੰਨ੍ਹਾਂ ਵਿਚ ਡਾ. ਸਤਿੰਦਰ ਕੌਰ ਨਿੱਜ਼ਰ, ਕੇਵਲ ਧਾਲੀਵਾਲ, ਡਾ. ਹਰਭਜਨ ਸਿੰਘ ਭਾਟੀਆ, ਭੁਪਿੰਦਰ ਸਿੰਘ ਸੰਧੂ, ਹਰਜੀਤ ਗਿੱਲ, ਅਰਵਿੰਦਰ ਚਾਮਕ ਆਦਿ ਵੀ ਸ਼ਾਮਿਲ ਹਨ। ਫੈਸਟੀਵਲ ਸਮਾਰੋਹ ਦੀ ਸਮਾਪਤੀ 14 ਮਾਰਚ ਨੂੰ ਕੀਤੀ ਜਾਵੇਗੀ, ਜਿਸ ਦੌਰਾਨ ਨਾਟਕ ਉਤਸਵ ਦਾ ਹਿੱਸਾ ਬਣੀਆਂ ਨਾਮਵਰ ਹਸਤੀਆਂ ਅਤੇ ਪ੍ਰਤਿਭਾਵਾਨ ਰੰਗਕਰਮੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਜੇਕਰ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਅਦਾਕਾਰ ਇੰਨੀਂ ਦਿਨੀਂ ਫਿਲਮ 'ਜ਼ਵਿਗਾਟੋ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ 17 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
ਇਹ ਵੀ ਪੜ੍ਹੋ: Sunanda Sharma: ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਹੋਇਆ ਦੇਹਾਂਤ, ਗਾਇਕਾ ਨੇ ਸਾਂਝੀ ਕੀਤੀ ਪੋਸਟ