ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ’ਚ ਗਾਇਕੀ ਦੇ ਅਲਹਦਾ ਰੰਗਾਂ ਦੀ ਤਰਜ਼ਮਾਨੀ ਕਰਦੇ ਦੋ ਬੇਹਤਰੀਨ ਫ਼ਨਕਾਰ ਕੰਵਰ ਗਰੇਵਾਲ ਅਤੇ ਗੁਰਨਾਜ਼ਰ ਇੱਕ ਅਹਿਮ ਅਤੇ ਵੱਡੇ ਸੰਗੀਤਕ ਪ੍ਰੋਜੈਕਟ ਲਈ ਇਕੱਠੇ ਹੋਏ ਹਨ, ਜੋ ਰਿਲੀਜ਼ ਹੋਣ ਜਾ ਰਹੇ ਗਾਣੇ ‘ਅੱਲਾ ਦੀ ਨਮਾਜ਼’ ਨਾਲ ਬੇਹਤਰੀਨ ਸੰਗੀਤਕ ਸੁਮੇਲਤਾ ਦਾ ਇਜ਼ਹਾਰ (Kanwar Grewal and Gurnazar) ਕਰਵਾਉਣਗੇ।
ਪੰਜਾਬੀ ਸੰਗੀਤ ਗਲਿਆਰਿਆਂ ਵਿੱਚ ਖਾਸੀ ਉਤਸੁਕਤਾ ਦਾ ਕੇਂਦਰਬਿੰਦੂ ਬਣੇ ਹੋਏ ਇਸ ਰੂਹਾਨੀਅਤ ਭਰਪੂਰ ਗਾਣੇ ਦਾ ਸੰਗੀਤ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਤਿਆਰ ਕੀਤਾ ਹੈ, ਜਦਕਿ ਇਸ ਦੇ ਬੋਲ ਚੰਨ ਅੰਗਰੇਜ਼ ਦੁਆਰਾ ਰਚੇ ਗਏ ਹਨ।
ਦਿਲ੍ਹਾਂ ਅਤੇ ਮਨ੍ਹਾਂ ਨੂੰ ਇੱਕ ਨਵੀਂ ਸੰਗੀਤਕ ਤਰੋ-ਤਾਜ਼ਗੀ ਨਾਲ ਅੋਤ ਪੋਤ ਕਰਨ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਉਮਦਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਨਿਤੇਸ਼ ਰਾਈਜਾਦਾ ਵੱਲੋਂ ਫਿਲਮਬੱਧ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ (Kanwar Grewal and Gurnazar) ਕਰ ਚੁੱਕੇ ਹਨ।
ਇਸ ਗਾਣੇ ਨੂੰ ਲੈ ਕੇ ਆਪਣੇ ਜਜ਼ਬਾਤ ਬਿਆਨ ਕਰਦੇ ਹੋਏ ਮਸ਼ਹੂਰ ਅਤੇ ਨੌਜਵਾਨ ਗਾਇਕ ਗੁਰਨਾਜ਼ਰ (Kanwar Grewal and Gurnazar) ਨੇ ਦੱਸਿਆ ਕਿ ਉਹ ਕੰਵਰ ਗਰੇਵਾਲ ਦੀ ਅਨੂਠੀ ਗਾਇਕੀ ਦੇ ਬਹੁਤ ਫੈਨ ਹਨ, ਜਿੰਨ੍ਹਾਂ ਦੀ ਵਿਲੱਖਣ ਗਾਇਕੀ ਪ੍ਰਤੀ ਖਿੱਚ ਰੱਖਦਿਆਂ ਉਹ ਪਿਛਲੇ ਕਾਫ਼ੀ ਸਮੇਂ ਤੋਂ ਉਨਾਂ ਨਾਲ ਇੱਕ ਸੰਗੀਤ ਪ੍ਰੋਜੈਕਟ ਕਰਨ ਦੀ ਖ਼ਵਾਹਿਸ਼ ਰੱਖ ਰਹੇ ਹਨ, ਜਿਸ ਸੰਬੰਧੀ ਆਸ ਹੁਣ ਆਖ਼ਰ ਪੂਰੀ ਹੋਣ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਰਿਲੀਜ਼ ਹੋਣ ਜਾ ਰਹੇ ਇਸ ਧਾਰਮਿਕ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ ਅਤੇ ਉਮੀਦ ਕਰਦੇ ਹਨ ਕਿ ਉਨਾਂ ਦੇ ਹਰ ਟਰੈਕ ਨੂੰ ਪਿਆਰ, ਸਨੇਹ ਦੇਣ ਵਾਲੇ ਅਤੇ ਚਾਹੁੰਣ ਵਾਲੇ ਇਸ ਗਾਣੇ ਨੂੰ ਪਸੰਦ ਕਰਕੇ ਉਸ ਦੀ ਹੌਂਸਲਾ ਅਫ਼ਜਾਈ ਕਰਨਗੇ।
ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਆਪਣੀ ਵੱਖਰੀ ਅਤੇ ਸੂਫ਼ੀ ਸੰਗੀਤ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਕੰਵਰ ਗਰੇਵਾਲ ਦੇ ਨਾਲ ਇੱਕ ਪਲੇਟਫ਼ਾਰਮ 'ਤੇ ਇਕੱਠਿਆਂ ਹੋਣਾ ਉਸ ਲਈ ਬਹੁਤ ਹੀ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿੰਨ੍ਹਾਂ ਪਾਸੋਂ ਇਹ ਗਾਣਾ ਕਰਦਿਆਂ ਪੁਰਾਤਨ ਗਾਇਕੀ ਦੀਆਂ ਬਾਰੀਕੀਆਂ ਸੰਬੰਧੀ ਕਾਫ਼ੀ ਕੁਝ ਸਿੱਖਣ, ਸਮਝਣ ਨੂੰ ਮਿਲਿਆ ਹੈ।
ਹਾਲ ਹੀ ਵਿੱਚ ਕਈ ਸੁਪਰਹਿੱਟ ਗੀਤ ਸੰਗੀਤ ਮਾਰਕੀਟ ਵਿੱਚ ਜਾਰੀ ਕਰ ਚੁੱਕੇ ਅਤੇ ਇੰਨ੍ਹੀਂ ਦਿਨ੍ਹੀਂ ਸਫ਼ਲਤਾ ਦਾ ਉੱਚ ਸਿਖਰ ਹੰਢਾ ਰਹੇ ਬਾਕਮਾਲ ਗਾਇਕ ਗੁਰਨਾਜ਼ਰ ਨੇ ਆਪਣੇ ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਉਨਾਂ ਹਮੇਸ਼ਾ ਮਿਆਰੀ ਅਤੇ ਅਸਲ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੇ ਗਾਣੇ ਗਾਉਣ ਨੂੰ ਹੀ ਪਹਿਲ ਦਿੱਤੀ ਹੈ ਅਤੇ ਆਉਣ ਵਾਲੇ ਦਿਨ੍ਹਾਂ ਵਿੱਚ ਵੀ ਉਹ ਇਸੇ ਤਰ੍ਹਾਂ ਦੇ ਮਾਪਦੰਢ ਆਪਣੇ ਆਗਾਮੀ ਕਰੀਅਰ ਪ੍ਰਤੀ ਅਪਨਾਉਂਦੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਉਸ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਕੰਵਰ ਜੀ ਨੇ ਇਸ ਗਾਣੇ ਨੂੰ ਉਨਾਂ ਨਾਲ ਕਰਨ ਦੀ ਹਾਮੀ ਭਰੀ ਅਤੇ ਹਰ ਰਿਕਾਰਡਿੰਗ ਪੜ੍ਹਾਅ 'ਤੇ ਉਸ ਦੀ ਸਲਾਹੁਤਾ ਵੀ ਕੀਤੀ, ਜਿਸ ਨਾਲ ਉਹ ਇੰਨੇ ਸਹਿਜ ਹੋ ਕੇ ਇਹ ਪ੍ਰੋਜੈਕਟ ਕਰ ਸਕੇ। ਉਨ੍ਹਾਂ ਦੱਸਿਆ ਕਿ ਆਗਾਮੀ ਸਮੇਂ ਇਸ ਤਰ੍ਹਾਂ ਦੇ ਸੰਗੀਤਕ ਸੁਮੇਲ ਹੋਰ ਗਾਣੇ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਗੇ।