ਚੰਡੀਗੜ੍ਹ: ਬਾਲੀਵੁੱਡ ਦੀ ਵਿਵਾਦਤ 'ਕੁਈਨ' ਕੰਗਨਾ ਰਣੌਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜੀ ਹਾਂ... ਪੰਜਾਬ ਦੇ ਅਜਨਾਲਾ ਥਾਣੇ ਵਿੱਚ ਵਾਪਰੀ ਘਟਨਾ ਬਾਰੇ ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਐਂਟਰੀ ਹੋਈ ਹੈ। ਕੰਗਨਾ ਨੇ ਟਵੀਟ ਕਰ ਪੰਜਾਬ 'ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਲਿਖਿਆ 'ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ ਜੋ ਅੱਜ ਪੰਜਾਬ ਵਿੱਚ ਕੀ ਹੋ ਰਿਹਾ ਹੈ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਮੇਰੀ ਕਾਰ 'ਤੇ ਪੰਜਾਬ 'ਚ ਹਮਲਾ ਹੋਇਆ, ਪਰ ਮੈਂ ਜੋ ਕਿਹਾ ਉਹ ਹੋਇਆ। ਹੁਣ ਸਮਾਂ ਆ ਗਿਆ ਹੈ ਕਿ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਅਤੇ ਇਰਾਦੇ ਸਾਫ਼ ਕਰਨ।'
ਹੁਣ ਪ੍ਰਸ਼ੰਸਕਾਂ ਨੇ ਕੰਗਨਾ ਦੇ ਇਸ ਟਵੀਟ ਨੂੰ ਫੜ ਲਿਆ ਹੈ ਅਤੇ ਉਹ ਜੁਆਬ ਵਿੱਚ ਕਈ ਪ੍ਰਕਾਰ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਤੂੰ ਪੁੱਛਾਂ ਦੇਣ ਲੱਗ ਜਾ ਫਿਰ'। ਇੱਕ ਹੋਰ ਨੇ ਲਿਖਿਆ 'ਓਏ ਬਾਈ ਤੂੰ ਫੇਰ ਆ ਗਈ...ਹੱਟ ਦੀ ਤੂੰ ਵੀ ਨੀ... ਚਲੋ ਆਜੋ ਫੇਰ ਖੇਡੀਏ...ਪੰਜਾਬੀ ਪੰਜਾਬੀ....।'
ਇਸ ਤੋਂ ਬਾਅਦ ਕੰਗਨਾ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਸਨੇ ਲਿਖਿਆ '6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਪੰਜਾਬ ਵਿੱਚ ਮੇਰੀਆਂ ਫਿਲਮਾਂ 'ਤੇ ਪਾਬੰਦੀ, ਮੇਰੀ ਕਾਰ 'ਤੇ ਸਰੀਰਕ ਹਮਲਾ, ਕੌਮ ਨੂੰ ਇਕੱਠੇ ਰੱਖਣ ਲਈ ਇੱਕ ਰਾਸ਼ਟਰਵਾਦੀ ਕੀਮਤ ਅਦਾ ਕਰਦਾ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕਰ ਦੇਣਾ ਚਾਹੀਦਾ ਹੈ, ਜੇਕਰ ਤੁਸੀਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।'
ਕਿਸ ਮਾਮਲੇ ਨੂੰ ਲੈ ਕੇ ਕੀਤਾ ਸੀ ਕੰਗਨਾ ਨੇ ਟਵੀਟ: ਤੁਹਾਨੂੰ ਦੱਸ ਦਈਏ ਕਿ 23 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਥਾਣੇ 'ਤੇ ਬੰਦੂਕਾਂ ਅਤੇ ਤਲਵਾਰਾਂ ਨਾਲ ਲੈਸ ਖਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿੱਤਾ ਸੀ। ਇਹ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਸਨ। ਅੰਮ੍ਰਿਤਪਾਲ ਖੁਦ ਵੀ ਉਥੇ ਪਹੁੰਚ ਗਿਆ। ਇਹ ਲੋਕ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਥੇ ਪੁੱਜੇ ਸਨ। ਇਸ ਦੌਰਾਨ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਹਾਲਾਂਕਿ ਬਾਅਦ ਵਿੱਚ ਅੰਮ੍ਰਿਤਪਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਕੇ ਉਥੇ ਪਹੁੰਚ ਗਿਆ। ਜਿਸ ਨੂੰ ਦੇਖ ਕੇ ਪੁਲਿਸ ਪਿੱਛੇ ਹਟ ਗਈ। ਇਸ ਦਾ ਫਾਇਦਾ ਉਠਾਉਂਦੇ ਹੋਏ ਖਾਲਿਸਤਾਨ ਸਮਰਥਕਾਂ ਨੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਥਾਣੇ ਅੰਦਰ ਦਾਖਲ ਹੋ ਗਏ।
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ 2 ਸਾਲ ਪਹਿਲਾਂ ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਸੀ। ਇਸ 'ਚ ਕੰਗਨਾ ਨੇ ਬਜ਼ੁਰਗ ਔਰਤ ਨੂੰ 100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੋਣ ਵਾਲੀ ਔਰਤ ਕਿਹਾ। ਕੰਗਨਾ ਨੇ ਇਹ ਟਵੀਟ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾਂ ਮਹਿਲਾ ਕਿਸਾਨ ਮਹਿੰਦਰ ਕੌਰ ਦੇ ਸਬੰਧ ਵਿੱਚ ਕੀਤਾ ਸੀ। ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਮਾਮਲੇ 'ਚ ਬਠਿੰਡਾ ਅਦਾਲਤ ਤੋਂ ਕੰਗਨਾ ਰਣੌਤ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਕੰਗਨਾ ਰਣੌਤ ਸ਼ਿਮਲਾ ਤੋਂ ਚੰਡੀਗੜ੍ਹ ਦੇ ਰਸਤੇ ਕੀਰਤਪੁਰ ਸਾਹਿਬ ਜਾ ਰਹੀ ਸੀ। ਪੰਜਾਬ-ਹਿਮਾਚਲ ਸਰਹੱਦ 'ਤੇ ਕਿਸਾਨਾਂ ਨੇ ਉਸ ਨੂੰ ਘੇਰ ਲਿਆ। ਉਸਨੇ ਕੰਗਨਾ ਨੂੰ ਕਿਸਾਨ ਅੰਦੋਲਨ 'ਤੇ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ। ਕਾਫੀ ਦੇਰ ਬਾਅਦ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਕੰਗਨਾ ਨੂੰ ਉਥੋਂ ਕੱਢਿਆ। ਕਿਸਾਨਾਂ ਨੇ ਕਿਹਾ ਕਿ ਕੰਗਨਾ ਮੁਆਫੀ ਮੰਗੇ। ਹੁਣ ਜੇਕਰ ਕੰਗਨਾ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਫਿਲਮ 'ਐਮਰਜੈਂਸੀ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਕੰਗਨਾ ਦੀ ਇਸ ਫਿਲਮ ਦਾ ਇਸ ਸਾਲ ਅਕਤੂਬਰ ਵਿੱਚ ਰਿਲੀਜ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:Biba Song: ਪੰਜਾਬੀ ਦੀ ਪਹਿਲੀ ਸੰਗੀਤਕ ਵੀਡੀਓ ਕਰਕੇ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ ਅਦਾਕਾਰ ਵਰੁਣ ਭਗਤ