ਚੰਡੀਗੜ੍ਹ: 2022 ਵਿੱਚ ਪੰਜਾਬੀ ਫਿਲਮ ਇੰਡਸਟਰੀ ਨੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਫਿਲਮਾਂ ਰਿਲੀਜ਼ ਕੀਤੀਆਂ ਗਈਆਂ। 2023 ਵਿੱਚ ਵੀ ਅਜਿਹਾ ਹੁੰਦਾ ਦੇਖਿਆ ਜਾ ਰਿਹਾ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਨੇ ਹੀ ਕਈ ਰਿਕਾਰਡ ਤੋੜ ਦਿੱਤੇ। ਜੀ ਹਾਂ...ਅਸੀਂ ਗੱਲ ਕਰ ਰਹੇ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੀ ਫਿਲਮ 'ਕਲੀ ਜੋਟਾ' ਦੀ, ਜਿਸ ਨੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਇਹ ਫਿਲਮ ਓਟੀਟੀ ਉਤੇ ਆ ਰਹੀ ਹੈ।
ਓਟੀਟੀ ਉਤੇ ਕਲੀ ਜੋਟਾ:ਕਲੀ ਜੋਟਾ ਨੇ ਹੁਣ ਤੱਕ 42 ਕਰੋੜ ਦੀ ਕਮਾਈ ਕਰ ਲਈ ਹੈ, ਹੁਣ ਜੋ ਪ੍ਰਸ਼ੰਸਕ ਫਿਲਮ ਨੂੰ ਦੇਖਣਾ ਚਾਹੁੰਦੇ ਹਨ, ਉਹਨਾਂ ਲਈ ਖੁਸ਼ਖਬਰੀ ਹੈ, ਕਿਉਂਕਿ ਉਹ ਫਿਲਮ ਨੂੰ ਓਟੀਟੀ ਉਤੇ ਦੇਖ ਸਕਦੇ ਹਨ। ਕਲੀ ਜੋਟਾ 13 ਅਪ੍ਰੈਲ 2023 ਤੋਂ ਚੌਪਾਲ ਟੀਵੀ 'ਤੇ ਸਟ੍ਰੀਮ ਕੀਤੀ ਜਾਵੇਗੀ।
ਫਿਲਮ ਦੀ ਕਹਾਣੀ ਬਾਰੇ:ਇਸ ਫਿਲਮ 'ਚ ਜਿੱਥੇ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ, ਉਥੇ ਹੀ ਵਾਮਿਕਾ ਗੱਬੀ ਨੇ ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾਇਆ। ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਕਲੀ ਜੋਟਾ’ ਦੀ ਕਹਾਣੀ 80 ਅਤੇ 90 ਦੇ ਦਹਾਕੇ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਸ ਸਮੇਂ ਨੂੰ ਦਰਸਾਉਂਦੀ ਹੈ ਜਦੋਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਇੰਨੀ ਚੰਗੀ ਨਹੀਂ ਸੀ। ਕਲੀ ਜੋਟਾ ਇੱਕ ਕੁੜੀ, ਰਾਬੀਆ (ਨੀਰੂ ਬਾਜਵਾ) ਦੀ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਸੁਭਾਅ ਤੋਂ ਬਹੁਤ ਹੱਸਮੁੱਖ ਹੈ ਪਰ ਉਸਦੀ ਇਹ ਸ਼ਖਸੀਅਤ ਪਿਤਾ-ਪੁਰਖੀ ਸਮਾਜ ਨੂੰ ਚੰਗੀ ਨਹੀਂ ਲੱਗਦੀ।