ਮੁੰਬਈ: ਜੂਨੀਅਰ ਮਹਿਮੂਦ ਦੇ ਨਾਮ ਤੋਂ ਮਸ਼ਹੂਰ ਦਿੱਗਜ਼ ਅਦਾਕਾਰ ਨਈਮ ਸਈਅਦ ਦਾ ਪੇਟ ਦੇ ਕੈਂਸਰ ਕਾਰਨ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਉਹ 67 ਸਾਲ ਦੇ ਸੀ। ਅਦਾਕਾਰ ਦੇ ਪਰਿਵਾਰ ਨੇ ਇੱਕ ਬਿਆਨ 'ਚ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਵੱਲੋ ਦਿੱਤੇ ਬਿਆਨ 'ਚ ਕਿਹਾ ਗਿਆ ਹੈ ਕਿ ਜੂਨੀਅਰ ਮਹਿਮੂਦ ਦਾ ਸਵੇਰੇ 2:15 ਵਜੇ ਦੇਹਾਂਤ ਹੋ ਗਿਆ ਹੈ। ਉਹ ਪੇਟ ਦੇ ਕੈਂਸਰ ਤੋਂ ਪੀੜਿਤ ਸੀ।
ਜੂਨੀਅਰ ਮਹਿਮੂਦ ਪੇਟ ਦੇ ਕੈਂਸਰ ਤੋਂ ਸੀ ਪੀੜਿਤ: ਜੂਨੀਅਰ ਮਹਿਮੂਦ ਦੇ ਬੇਟੇ ਨੇ ਮੀਡੀਓ ਨੂੰ ਦੱਸਿਆ ਕਿ ਸਾਨੂੰ ਉਨ੍ਹਾਂ ਦੇ ਪੇਟ ਦੇ ਕੈਂਸਰ ਬਾਰੇ 18 ਦਿਨ ਪਹਿਲਾ ਹੀ ਪਤਾ ਲੱਗਾ ਸੀ। ਅਸੀ ਉਨ੍ਹਾਂ ਨੂੰ ਟਾਟਾ ਮੈਮੋਰੀਅਲ ਹਸਪਤਾਲ ਲੈ ਗਏ। ਉੱਥੇ ਡਾਕਟਰ ਨੇ ਸਾਨੂੰ ਦੱਸਿਆ ਕਿ ਇਸ ਪੜਾਅ 'ਚ ਇਲਾਜ ਅਤੇ ਕੀਮੋਥੈਰੇਪੀ ਬਹੁਤ ਦਰਦਨਾਕ ਹੋਵੇਗੀ। ਹਸਪਤਾਲ ਨੇ ਸੁਝਾਅ ਦਿੱਤਾ ਸੀ ਕਿ ਘਰ 'ਚ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇ।
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਜੂਨੀਅਰ ਮਹਿਮੂਦ ਦੀ ਅੰਤਿਮ ਯਾਤਰਾ ਬਾਰੇ ਦਿੱਤੀ ਜਾਣਕਾਰੀ: ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਅਦਾਕਾਰ ਜੂਨੀਅਰ ਮਹਿਮੂਦ ਦੀ ਅੰਤਿਮ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ,"ਬਹੁਮੁਖੀ ਅਦਾਕਾਰ ਜੂਨੀਅਰ ਮਹਿਮੂਦ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਹ ਸਾਡੀ ਫਿਲਮ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ। ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। ਅਦਾਕਾਰ ਦੀ ਅੰਤਿਮ ਯਾਤਰਾ ਅੱਜ ਦੁਪਹਿਰ 12 ਵਜੇ ਉਨ੍ਹਾਂ ਦੇ ਮੁੰਬਈ ਸਥਿਤ ਘਰ ਤੋਂ ਕੱਢੀ ਜਾ ਰਹੀ ਹੈ।
ਜੂਨੀਅਰ ਮਹਿਮੂਦ ਦਾ ਕਰੀਅਰ: ਜੂਨੀਅਰ ਮਹਿਮੂਦ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਅਦਾਕਾਰ ਦੇ ਰੂਪ 'ਚ 1966 ਵਿੱਚ 'ਮੋਹੱਬਤ ਜ਼ਿੰਦਗੀ ਹੈ' ਤੋਂ ਕੀਤੀ ਸੀ। ਉਨ੍ਹਾਂ ਨੇ ਨੌਨਿਹਾਲ, ਕਾਰਵਾਂ, ਹਾਥੀ ਮੇਰੇ ਸਾਥੀ, ਮੇਰਾ ਨਾਮ ਜੋਕਰ, ਸੁਹਾਗ ਰਾਤ, ਬ੍ਰਹਮਚਾਰੀ, ਕਟੀ ਪਤੰਗ, ਹਰੇ ਰਾਮਾ ਹਰੇ ਕ੍ਰਿਸ਼ਨਾ, ਗੀਤ ਗਾਤਾ ਚਲ, ਇਮਾਨਦਾਰ, ਬਾਪ ਨੰਬਰੀ ਬੇਟਾ ਦਸ ਨੰਬਰੀ, ਆਜ ਕਾ ਅਰਜੁਨ, ਗੁਰੂਦੇਵ, ਛੋਟੀ ਸਰਕਾਰ ਅਤੇ ਜੁਦਾਈ ਆਦਿ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਜੂਨੀਅਰ ਮਹਿਮੂਦ ਨੇ 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' ਅਤੇ 'ਏਕ ਰਿਸ਼ਤਾ ਸਾਂਝੇਦਾਰੀ ਕਾ' ਵਰਗੇ ਟੈਲੀਵਿਜ਼ਨ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਮਰਾਠੀ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਵੀ ਕੀਤਾ ਹੈ। 1968 ਦੀ ਫਿਲਮ ਸੁਹਾਗ ਰਾਤ ਵਿੱਚ ਸਕ੍ਰੀਨ ਸਪੇਸ ਸਾਂਝਾ ਕਰਨ ਤੋਂ ਬਾਅਦ ਮਰਹੂਮ ਕਾਮੇਡੀ ਆਈਕਨ ਮਹਿਮੂਦ ਨੇ ਨਈਮ ਸਈਦ ਤੋਂ ਆਪਣਾ ਸਕ੍ਰੀਨ ਨਾਮ ਜੂਨੀਅਰ ਮਹਿਮੂਦ ਰੱਖ ਦਿੱਤਾ ਸੀ।