ਚੰਡੀਗੜ੍ਹ:ਪੰਜਾਬੀ ਫਿਲਮ ਇੰਡਸਟਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਤੌਰ ਐਸੋਸੀਏਟ ਨਿਰਦੇਸ਼ਕ ਸਰਗਰਮ ਪ੍ਰਤਿਭਾਵਾਨ ਅਤੇ ਬਹੁਮੁੱਖੀ ਨੌਜਵਾਨ ਜਿੰਮੀ ਗਿੱਦੜ੍ਹਬਾਹਾ ਹੁਣ ਆਜ਼ਾਦ ਨਿਰਦੇਸ਼ਕ ਵਜੋਂ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਹਨ।
ਮੂਲ ਰੂਪ ਵਿਚ ਮਾਲਵਾ ਦੇ ਪ੍ਰਮੁੱਖ ਸ਼ਹਿਰ ਗਿੱਦੜ੍ਹਬਾਹਾ ਨਾਲ ਸੰਬੰਧ ਰੱਖਦਾ ਇਹ ਨੌਜਵਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਫਿਲਮ ਡਿਪਾਰਟਮੈਂਟ ਦਾ ਹੋਣਹਾਰ ਸਿੱਖਿਆਰਥੀ ਵੀ ਰਿਹਾ ਹੈ, ਜਿਸ ਵੱਲੋਂ ਆਪਣੀ ਇਸ ਪੜ੍ਹਾਈ ਸਮੇਂ ਦੌਰਾਨ ਨਿਰਦੇਸ਼ਕ ਦੇ ਤੌਰ 'ਤੇ ਬਣਾਈਆਂ ਲਘੂ ਫਿਲਮਾਂ ‘ਟਿੰਡਰ’, ‘ਜਿਪਸ ਐਂਡ ਪੈਂਟਸ’, ‘ਕੌਫ਼ੀ’, ‘ਪੁਲਾਏ’, ‘ਬ੍ਰਦਰ ਮਾਈ ਲਾਈਫ਼’ ਆਦਿ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।
ਪੰਜਾਬੀ ਸਿਨੇਮਾ ਦੇ ਨਾਮਵਰ ਨਿਰਦੇਸ਼ਕਾਂ ਤੋਂ ਨਿਰਦੇਸ਼ਕ ਬਾਰੀਕੀਆਂ ਵਿਚ ਮੁਹਾਰਤ ਪ੍ਰਾਪਤ ਕਰਨ ਵਾਲੇ ਜਿੰਮੀ ਦੀਆਂ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਕੀਤੀਆਂ ਅਤੇ ਰਿਲੀਜ਼ ਹੋ ਚੁੱਕੀਆਂ ਹਾਲੀਆ ਫਿਲਮਾਂ ’ਚ ਜਿੰਮੀ ਸ਼ੇਰਗਿੱਲ ਸਟਾਰਰ 'ਦਾਣਾ ਪਾਣੀ', ਨਿਰਦੇਸ਼ਕ ਅਵਤਾਰ ਸਿੰਘ ਦੀ ਰੌਸ਼ਨ ਪ੍ਰਿੰਸ ਨਾਲ ‘ਰਾਂਝਾ ਰਫ਼ਿਊਜ਼ੀ’, ‘ਫੁੱਫੜ੍ਹ ਜੀ’, ਜਗਦੀਪ ਸਿੱਧੂ ਦੀ ਸਾਈ ਨਰੋਤਿਮ ਫ਼ਿਲਮਜ਼ ਨਿਰਮਿਤ 'ਕਿਸਮਤ', ਸ਼ਿਤਿਜ਼ ਚੌਧਰੀ ਦੀ ਗੁਰਨਾਮ ਭੁੱਲਰ-ਸਰਗੁਣ ਮਹਿਤਾ ਨਾਲ 'ਸਹੁਰਿਆਂ ਦਾ ਪਿੰਡ', ਗਿੱਪੀ ਗਰੇਵਾਲ-ਨੀਰੂ ਬਾਜਵਾ ਦੀ ਵਿਜੇ ਕੁਮਾਰ ਅਰੋੜਾ ਨਿਰਦੇਸ਼ਿਤ ‘ਪਾਣੀ ’ਚ ਮਧਾਣੀ’, ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਅਤੇ ਮੁਕੇਸ਼ ਰਿਸ਼ੀ ਨਿਰਮਿਤ ‘ਨਿਡਰ’ ਪ੍ਰਮੁੱਖ ਹਨ, ਜਿੰਨ੍ਹਾਂ ਤੋਂ ਇਲਾਵਾ ਉਸ ਦੇ ਆਗਾਮੀ ਪ੍ਰੋਜੈਕਟਾਂ ਵਿਚ ਬੀਤੇ ਦਿਨੀਂ ਲੰਦਨ ਵਿਖੇ ਮੁਕੰਮਲ ਕੀਤੀ ਗਈ ‘ਡਰਾਮੇ ਵਾਲੇ’ ਵੀ ਅਹਿਮ ਹੈ, ਜਿਸ ਵਿਚ ਹਰੀਸ਼ ਵਰਮਾ, ਸ਼ਰਨ ਕੌਰ, ਰੂਬੀ ਅਨਮ, ਹਨੀ ਅਲਬੇਲਾ, ਆਸਿਰ ਇਕਬਾਲ ਅਤੇ ਸਰਦਾਰ ਕਮਲ ਆਦਿ ਲੀਡ ਭੂਮਿਕਾਵਾਂ ਨਿਭਾ ਰਹੇ ਹਨ।
ਪੰਜਾਬੀ ਸਿਨੇਮਾ ਖੇਤਰ ਵਿਚ ਬਤੌਰ ਨਿਰਦੇਸ਼ਕ ਕੁਝ ਅਲਹਦਾ ਕਰਨ ਦੀ ਤਾਂਘ ਰੱਖਦੇ ਜਿੰਮੀ ਗਿੱਦੜ੍ਹਬਾਹਾ ਅਨੁਸਾਰ ਨਿਰਦੇਸ਼ਕ ਦੇ ਤੌਰ 'ਤੇ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਦੇ ਨਾਲ ਨਾਲ ਦਿਲਚਸਪ ਕਾਮੇਡੀ ਡਰਾਮਾ ਫਿਲਮਾਂ ਦੀ ਸਿਰਜਨਾ ਕਰਨਾ ਉਨਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।
ਪੰਜਾਬੀ ਸਿਨੇਮਾ ਗਲਿਆਰਿਆਂ ਵਿਚ ਤਕਨੀਕੀ ਪੱਖੋਂ ਉੱਚ ਮਹਾਰਤ ਰੱਖਦੇ ਅਤੇ ਮਿਹਨਤੀ ਅਤੇ ਜਨੂੰਨੀਅਤ ਨਾਲ ਆਪਣਾ ਕੰਮ ਸੰਪੂਰਨ ਕਰਨ ਵਾਲੇ ਐਸੋਸੀਏਟ ਨਿਰਦੇਸ਼ਕ ਵਜੋਂ ਚੌਖੀ ਭੱਲ ਬਣਾਉਣ ਵਿਚ ਕਾਮਯਾਬ ਰਹੇ ਇਸ ਮਲਵਈ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਹੁਣ ਤੱਕ ਦੀ ਸਫ਼ਲਤਾ ਵਿਚ ਉਨਾਂ ਦੇ ਮਾਤਾ-ਪਿਤਾ ਜੋ ਪੇਸ਼ੇ ਵੱਲੋਂ ਅਧਿਆਪਕ ਹਨ ਅਤੇ ਸਮਾਜਸੇਵੀ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਆਪਣੇ ਫ਼ਰਜ਼ ਅਦਾ ਕਰ ਰਹੇ ਹਨ, ਉਹਨਾਂ ਦਾ ਬਹੁਤ ਹੀ ਯੋਗਦਾਨ ਰਿਹਾ ਹੈ, ਜਿੰਨ੍ਹਾਂ ਕਦੀ ਵੀ ਫਿਲਮ ਲਾਈਨ ਵਿਚ ਉਸ ਦੇ ਕੁਝ ਕਰ ਗੁਜ਼ਰਨ ਦੇ ਰਹੇ ਸੁਫ਼ਨਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹਮੇਸ਼ਾ ਹਰ ਕਦਮ 'ਤੇ ਹੌਂਸਲਾ ਅਫ਼ਜਾਈ ਕੀਤੀ, ਜਿੰਨ੍ਹਾਂ ਵੱਲੋਂ ਦਿੱਤੇ ਜਾ ਰਹੇ ਮਨੋਬਲ ਦੀ ਬਦੌਂਲਤ ਹੀ ਉਹ ਹੁਣ ਨਿਰਦੇਸ਼ਕ ਦੇ ਤੌਰ ਵੀ ਨਵੀਆਂ ਮੰਜ਼ਿਲਾਂ ਸਰ ਕਰਨ ਵੱਲ ਕਦਮ ਵਧਾ ਰਿਹਾ ਹੈ।