ਚੰਡੀਗੜ੍ਹ:ਪੰਜਾਬੀ ਸੰਗੀਤ ਅਤੇ ਫਿਲਮ ਖੇਤਰ ਵਿੱਚ ਵਾਹ-ਵਾਹ ਖੱਟ ਚੁੱਕੇ ਅਤੇ ਵਿਲੱਖਣ ਸਥਾਨ ਬਣਾ ਚੁੱਕੇ ਗਾਇਕ-ਅਦਾਕਾਰ ਜੱਸੀ ਗਿੱਲ ਹੁਣ ਬਾਲੀਵੁੱਡ ’ਚ ਵੀ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰਨ ਰਹੇ ਹਨ, ਜੋ ਹੁਣ ਆਪਣੀ ਅਗਲੀ ਨਵੀਂ ਹਿੰਦੀ ਫਿਲਮ ‘ਡੇਅਰ ਐਂਡ ਲਵਲੀ’ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ, ਜਿਸ ਵਿਚ ਅਦਾਕਾਰਾ ਤਾਪਸੀ ਪੰਨੂ ਲੀਡ ਕਿਰਦਾਰ ਪਲੇ ਕਰ ਰਹੀ ਹੈ।
ਜੱਸੀ ਇੰਨ੍ਹੀਂ ਦਿਨ੍ਹੀਂ ਰਿਲੀਜ਼ ਹੋਈ ਅਤੇ ਕਾਮਯਾਬੀ ਹਾਸਿਲ ਕਰ ਰਹੀ ਸਲਮਾਨ ਖਾਨ ਸਟਾਰਰ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿਚ ਖੂਬਸੂਰਤ ਕਿਰਦਾਰ ਅਦਾ ਕਰ ਰਿਹਾ ਹੈ, ਇਸ ਤੋਂ ਇਲਾਵਾ ਇਸ ਹੋਣਹਾਰ ਅਦਾਕਾਰ ਨੇ ਹਿੰਦੀ ਫਿਲਮਾਂ ‘ਹੈਪੀ ਫਿਰ ਭਾਗ ਜਾਏਗੀ’, ‘ਪੰਗਾ’ ਅਤੇ ‘ਮੇਰੀ ਸੋਨਮ ਗੁਪਤਾ ਬੇਫ਼ਵਾ ਤੋਂ ਨਹੀਂ’ 'ਚ ਵੀ ਕਾਫ਼ੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ, ਜੋ ਪੜ੍ਹਾਅ ਦਰ ਪੜ੍ਹਾਅ ਮੁੰਬਈ ਨਗਰੀ ਵਿਚ ਪੰਜਾਬੀਅਤ ਰੁਤਬਾ ਹੋਰ ਬੁਲੰਦ ਕਰਨ ਵਿਚ ਵੀ ਅਹਿਮ ਯੋਗਦਾਨ ਪਾ ਰਹੇ ਹਨ।
ਜੱਸੀ ਗਿੱਲ ਦੀਆਂ ਪੰਜਾਬੀ ਫਿਲਮਾਂ:ਜੇਕਰ ਇਸ ਪ੍ਰਤਿਭਾਵਾਨ ਅਦਾਕਾਰ-ਫ਼ਨਕਾਰ ਦੇ ਫਿਲਮੀ ਅਤੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਆਪਣਾ ਸਿਲਵਰ ਸਕਰੀਨ ਡੈਬਿਊ ‘ਮਿਸਟਰ ਐਂਡ ਮਿਸਿਜ਼ 420’ ਦੁਆਰਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਦਿਲ ਵਿਲ ਪਿਆਰ ਵਿਆਰ’, ‘ਮੁੰਡਿਆਂ ਤੋਂ ਬੱਚ ਕੇ ਰਹੀਂ’, ‘ਹਾਈ ਐਂਡ ਯਾਰੀਆਂ’, ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਆਦਿ ਜਿਹੀਆਂ ਕਈ ਕਾਮਯਾਬ ਫਿਲਮਾਂ ਵਿਚ ਵੀ ਪ੍ਰਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ।
ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾਂ ਅਧੀਨ ਆਉਂਦੇ ਕਸਬੇ ਜੰਡਿਆਲੀ ਨਾਲ ਤਾਲੁਕ ਰੱਖਦੇ ਇਸ ਬਹੁਮੁਖੀ ਅਦਾਕਾਰ ਦੇ ਗਾਇਕੀ ਸਫ਼ਰ ਦੌਰਾਨ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਾਲੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ‘ਸੁਰਮਾ ਕਾਲਾ’, ‘ਬਾਪੂ ਜਿੰਮੀਦਾਰ’, ‘ਗੱਬਰੂ’ , ‘ਗਿਟਾਰ ਸਿੱਖਦਾ’ , ‘ਨੈਣਾਂ ਨੂੰ, ‘ਨਖ਼ਰੇ’ , ‘ਦਿਲ ਟੁੱਟਦਾ’, ‘ਲਾਦੇਨ’ ਆਦਿ ਸ਼ਾਮਿਲ ਰਹੇ ਹਨ।
ਇਸ ਤੋਂ ਇਲਾਵਾ ਸੰਗੀਤ ਅਤੇ ਫ਼ਿਲਮੀ ਖੇਤਰ ਚਾਹੇ ਉਹ ਪੰਜਾਬੀ ਹੋਵੇ ਜਾਂ ਹਿੰਦੀ ਵਿਚ ਵੀ ਉਨ੍ਹਾਂ ਦੀਆਂ ਸਰਗਰਮੀਆਂ ਬਰਾਬਰ ਅਤੇ ਤੇਜ਼ੀ ਨਾਲ ਜਾਰੀ ਹਨ। ਕੁਝ ਕੁ ਸਮੇਂ ਦੌਰਾਨ ਹੀ ਹਿੰਦੀ ਫਿਲਮ ਇੰਡਸਟਰੀ ਦਾ ਵੱਡਾ ਨਾਂਅ ਬਣਦੇ ਜਾ ਰਹੇ ਇਸ ਬਾਕਮਾਲ ਐਕਟਰ ਨਾਲ ਉਨਾਂ ਦੀ ਨਵੀਂ ਫਿਲਮ ਅਤੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਉਨ੍ਹਾਂ ਲਈ ਕਿ ਥੋੜੇ ਜੇ ਸਮੇਂ ਦੌਰਾਨ ਹੀ ਉਨ੍ਹਾਂ ਨੂੰ ਸਲਮਾਨ ਖ਼ਾਨ, ਕੰਗਨਾ ਰਣੌਤ, ਸੋਨਾਕਸ਼ੀ ਸਿਨਹਾ ਆਦਿ ਜਿਹੇ ਕਈ ਨਾਮੀ ਹਿੰਦੀ ਸਿਨੇਮਾ ਚਿਹਰਿਆਂ ਨਾਲ ਵੱਡੀਆਂ ਫਿਲਮਾਂ ਕਰਨ ਅਤੇ ਇੰਨ੍ਹਾਂ ’ਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਦਾ ਅਵਸਰ ਮਿਲਿਆ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਬਹੁਕਲਾਵਾਂ ਨੂੰ ਸੰਵਾਰਨ ਅਤੇ ਪੈਨ ਇੰਡੀਆ ਦਾਇਰਾ ਵਿਸ਼ਾਲ ਕਰਨ ਵਿਚ ਵੀ ਕਾਫ਼ੀ ਮਦਦ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ‘ਕਿਸੀ ਕਾ ਕਿਸੀ ਕੀ ਜਾਨ' ਤੋਂ ਬਾਅਦ ਇਕ ਹੋਰ ਉਮਦਾ ਹਿੰਦੀ ਪ੍ਰੋਜੈਕਟ ‘ਡੇਅਰ ਐਂਡ ਲਵਲੀ’ ਨਾਲ ਜੁੜਨਾ ਵੀ ਉਨ੍ਹਾਂ ਲਈ ਕਿਸੇ ਸੁਫ਼ਨੇ ਦੇ ਸੱਚ ਹੋ ਜਾਣ ਵਾਂਗ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਫ਼ਿਲਮੀ ਕਰੀਅਰ ਨੂੰ ਜੋ ਉੱਚ ਪਰਵਾਜ਼ ਅਤੇ ਮਾਣ-ਸਰਾਹਣਾ ਮਿਲ ਰਹੀ ਹੈ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ:Punjabi Movies in May 2023: ਮਈ ਮਹੀਨੇ 'ਚ ਹੋਵੇਗਾ ਡਬਲ ਧਮਾਕਾ, ਦਿਲਜੀਤ ਤੋਂ ਲੈ ਕੇ ਇਹਨਾਂ ਦਿੱਗਜ ਕਲਾਕਾਰਾਂ ਦੀਆਂ ਰਿਲੀਜ਼ ਹੋਣਗੀਆਂ ਫਿਲਮਾਂ