ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ, ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਆਪਣਾ ਨਾਂ ਦਰਜ ਕਰਵਾਉਂਦੀ 'ਜੱਟ ਐਂਡ ਜੂਲੀਅਟ 3' ਦਾ ਇਸ ਵਾਰ ਅਦਾਕਾਰਾ ਜੈਸਮੀਨ ਬਾਜਵਾ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਲੰਦਨ ਵਿੱਚ ਚੱਲ ਰਹੀ ਇਸ ਫਿਲਮ ਦੀ ਸ਼ੂਟਿੰਗ ਟੀਮ ਨੂੰ ਜੁਆਇਨ ਕਰ ਲਿਆ ਗਿਆ ਹੈ।
'ਵਾਈਟ ਹਿੱਲ ਸਟੂਡਿਓਜ਼' ਦੁਆਰਾ ਨਿਰਮਿਤ ਕੀਤੇ ਜਾ ਰਹੇ ਇਸ ਤੀਸਰੇ ਸੀਕਵਲ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਮੁੜ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਰਾਣਾ ਰਣਬੀਰ ਵੀ ਇਸ ਵਾਰ ਫਿਰ ਪਾਪੂਲਰ ਹੋ ਚੁੱਕੇ ਅਪਣੇ ਕਿਰਦਾਰ ਸ਼ੈਂਪੀ ਨੂੰ ਮੁੜ ਨਵੇਂ ਰੰਗ ਦਿੰਦੇ ਨਜ਼ਰ ਆਉਣਗੇ।
ਪੰਜਾਬੀ ਸਿਨੇਮਾ ਦੀਆਂ ਆਪਾਰ ਸੁਪਰ ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਰਹੀਆਂ 'ਜੱਟ ਐਂਡ ਜੂਲੀਅਟ' ਅਤੇ 'ਜੱਟ ਐਂਡ ਜੂਲੀਅਟ 2' ਦੇ ਇਸ ਨਵੇਂ ਸੀਕਵਲ ਨੂੰ ਇਸ ਵਾਰ ਜਗਦੀਪ ਸਿੰਘ ਸਿੱਧੂ ਨਿਰਦੇਸ਼ਿਤ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਦੇ ਦੋਨੋਂ ਭਾਗਾਂ ਨੂੰ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਹਿੰਦੀ ਸਿਨੇਮਾ ਦੇ ਬਹੁ-ਰੁਝੇਵਿਆਂ ਦੇ ਮੱਦੇਨਜ਼ਰ ਇਸ ਫਿਲਮ ਦਾ ਹਿੱਸਾ ਨਹੀਂ ਬਣੇ ਹਨ।
ਓਧਰ ਅਦਾਕਾਰਾ ਜੈਸਮੀਨ ਬਾਜਵਾ ਨਾਲ ਇਸ ਫਿਲਮ ਨਾਲ ਉਨ੍ਹਾਂ ਦੇ ਕਿਰਦਾਰ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਿਲਚਸਪ ਕਹਾਣੀ ਅਤੇ ਕਾਮੇਡੀ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਪ੍ਰਭਾਵੀ ਹੈ, ਜੋ ਦਿਲਜੀਤ ਦੁਸਾਂਝ ਨਾਲ ਬਹੁਤ ਹੀ ਸ਼ਾਨਦਾਰ ਕਿਰਦਾਰ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵੇਗੀ।
ਉਨ੍ਹਾਂ ਦੱਸਿਆ ਕਿ ਭੂਮਿਕਾ ਦੇ ਪੱਖਾਂ ਬਾਰੇ ਹਾਲੇ ਜਿਆਦਾ ਦੱਸਿਆ ਨਹੀਂ ਜਾ ਸਕਦਾ, ਪਰ ਏਨ੍ਹਾਂ ਜ਼ਰੂਰ ਕਹਾਂਗੀ ਕਿ ਹੁਣ ਤੱਕ ਨਿਭਾਏ ਹਾਲੀਆਂ ਫਿਲਮੀ ਕਿਰਦਾਰਾਂ ਨਾਲੋਂ ਉਨ੍ਹਾਂ ਦਾ ਇਹ ਰੋਲ ਕਾਫੀ ਵੱਖਰਾ ਅਤੇ ਪ੍ਰਭਾਵਸ਼ਾਲੀ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਮਜ਼ਬੂਤ ਪੈੜ੍ਹਾਂ ਸਥਾਪਿਤ ਕਰ ਲੈਣ ਵਿਚ ਸਫ਼ਲ ਰਹੀ ਇਹ ਹੋਣਹਾਰ ਅਦਾਕਾਰਾ ਦੀਆਂ ਹਾਲੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਸੂਰਮਾ', 'ਦੂਰਬੀਨ', 'ਸਹੁਰਿਆਂ ਦਾ ਪਿੰਡ', 'ਖਾਓ ਪੀਓ ਐਸ਼ ਕਰੋ', 'ਫੁੱਫੜ੍ਹ ਜੀ' ਅਤੇ ਬੀਤੇ ਦਿਨ੍ਹੀਂ ਰਿਲੀਜ਼ ਹੋਈ ਐਮੀ ਵਿਰਕ ਸਟਾਰਰ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਹਿੰਦੀ ਫਿਲਮ 'ਮਨਮਰਜੀਆਂ' ਅਤੇ ਪਾਪੂਲਰ ਪੰਜਾਬੀ ਵੈੱਬ ਸੀਰੀਜ 'ਯਾਰ ਜਿਗਰੀ ਕਸੂਤੀ ਡਿਗਰੀ' ਵਿਚ ਉਸ ਵੱਲੋਂ ਨਿਭਾਈਆਂ ਲੀਡ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ। ਉਨ੍ਹਾਂ ਆਗਾਮੀ ਫਿਲਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਕੁਝ ਹਿੰਦੀ ਪ੍ਰੋਜੈਕਟ ਅਤੇ ਵੈੱਬ-ਸੀਰੀਜ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿਚ ਵੀ ਉਹ ਕਾਫ਼ੀ ਲੀਡਿੰਗ ਕਿਰਦਾਰਾਂ ਵਿਚ ਨਜ਼ਰ ਆਵੇਗੀ।