ਚੰਡੀਗੜ੍ਹ:ਆਉਣ ਵਾਲੀ ਹਿੰਦੀ ਫ਼ਿਲਮ ‘ਫ਼ਤਿਹ’ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੀ ਸ਼ੂਟਿੰਗ ਵਿਚ ਸ਼ਾਮਿਲ ਹੋਣ ਲਈ ਬਾਲੀਵੁੱਡ ਸਿਤਾਰਿਆਂ ਦੀ ਆਮਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਮਾਇਆਨਗਰੀ ਮੁੰਬਈ ਤੋਂ ਖੂਬਸੂਰਤ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਗੁਰੂ ਕੀ ਨਗਰੀ ਪੁੱਜ ਚੁੱਕੀ ਹੈ, ਜੋ ਸੋਨੂੰ ਸੂਦ ਨਾਲ ਉਕਤ ਫ਼ਿਲਮ ਦੇ ਅਹਿਮ ਦ੍ਰਿਸ਼ ਫ਼ਿਲਮਾਂਕਣ ’ਚ ਹਿੱਸਾ ਲਵੇਗੀ।
‘ਜੀ ਸਟੂਡਿਊਜ਼’ ਅਤੇ ‘ਸ਼ਕਤੀ ਸਾਗਰ ਪ੍ਰੋਡੋਕਸ਼ਨ ਹਾਊਸ’ ਵੱਲੋਂ ਸੁਯੰਕਤ ਰੂਪ ਵਿਚ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਵੈਬਭ ਮਿਸ਼ਰਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆਂ ਹਿੰਦੀ ਫ਼ਿਲਮਾਂ ਕਰ ਚੁੱਕੇ ਹਨ। ਹਾਲੀਆ ਦਿਨ੍ਹਾਂ ਵਿਚ ਹੀ ਦੁਬਈ ਵਿਖੇ ਸੰਪੰਨ ਹੋਏ ‘ਆਈ ਬੀ ਐਫ਼ ਏ’ ਐਵਾਰਡ 2023 ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਦਾ ਮਾਣ ਹਾਸਿਲ ਕਰਨ ਵਾਲੀ ਜੈਕਲੀਨ ਆਪਣੀ ਇਸ ਨਵੀਂ ਫ਼ਿਲਮ ਵਿਚ ਸੋਨੂੰ ਸੂਦ ਦੇ ਨਾਲ ਲੀਡ ਕਿਰਦਾਰ ਅਦਾ ਕਰ ਰਹੀ ਹੈ, ਜੋ ਅਗਲੇ ਕੁਝ ਦਿਨ੍ਹਾਂ ਤੱਕ ਇੱਥੇ ਹੀ ਆਪਣੀ ਇਸ ਫ਼ਿਲਮ ਦੇ ਕਈ ਖਾਸ ਦ੍ਰਿਸ਼ਾ ਵਿਚ ਭਾਗ ਲਵੇਗੀ।
ਪੁਰਾਣੇ ਪੰਜਾਬ ਦੀ ਤਰਜਮਾਨੀ ਕਰਵਾਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰੂਨੀ ਹਿੱਸਿਆਂ, ਗਲੀਆਂ ਆਦਿ ਵਿਚ ਫ਼ਿਲਮਾਈ ਜਾ ਰਹੀ ਇਹ ਫ਼ਿਲਮ ਇਕ ਸਾਈਬਰ ਕ੍ਰਾਈਮ ਕਹਾਣੀ 'ਤੇ ਆਧਾਰਿਤ ਹੈ, ਜਿਸ ਵਿਚ ਜੈਕਲੀਨ ਕਾਫ਼ੀ ਚੁਣੌਤੀਪੂਰਨ ਭੂਮਿਕਾ ਅਦਾ ਕਰਦੇ ਨਜ਼ਰੀ ਆਵੇਗੀ।