ਨਵੀਂ ਦਿੱਲੀ: ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਸੁਣਵਾਈ ਦੇ ਸਿਲਸਿਲੇ 'ਚ ਅਦਾਕਾਰਾ ਜੈਕਲੀਨ ਫਰਨਾਂਡਿਸ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਹੋਈ। ਜੈਕਲੀਨ ਸਵੇਰੇ ਕਰੀਬ 11 ਵਜੇ ਕੋਰਟ ਪਹੁੰਚੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਮਾਮਲੇ 'ਚ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਖਿਲਾਫ ਪੂਰਕ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨੂੰ ਪਟਿਆਲਾ ਹਾਊਸ ਕੋਰਟ 'ਚ ਹੋਵੇਗੀ। ਇਸ ਤੋਂ ਪਹਿਲਾਂ ਫਰਵਰੀ ਵਿੱਚ ਸੁਕੇਸ਼ ਚੰਦਰਸ਼ੇਖਰ ਵੀ ਇਸ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਹੋਇਆ ਸੀ।
ਦੱਸ ਦਈਏ ਕਿ ਸੁਕੇਸ਼ 'ਤੇ 200 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਇਸ ਦੀ ਜਾਂਚ ਕਰ ਰਿਹਾ ਹੈ। ਸੁਕੇਸ਼ ਇਸ ਮਾਮਲੇ 'ਚ ਮੁੱਖ ਦੋਸ਼ੀ ਹੈ, ਜਦਕਿ ਉਹ ਕਈ ਹੋਰ ਮਾਮਲਿਆਂ 'ਚ ਵੀ ਦੋਸ਼ੀ ਹੈ, ਜਿਨ੍ਹਾਂ ਦੀ ਈਡੀ, ਦਿੱਲੀ ਪੁਲਿਸ ਅਤੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਦੌਰਾਨ ਬਾਲੀਵੁੱਡ ਦੇ ਕਈ ਕਲਾਕਾਰਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ 'ਚ ਮੁੱਖ ਤੌਰ 'ਤੇ ਫਿਲਮ ਅਦਾਕਾਰਾ ਨੋਰਾ ਫਤੇਹੀ ਅਤੇ ਜੈਕਲੀਨ ਸ਼ਾਮਲ ਹਨ। ਹਾਲਾਂਕਿ, ਸੁਕੇਸ਼ ਪਹਿਲਾਂ ਹੀ ਅਦਾਲਤ ਵਿੱਚ ਗਵਾਹੀ ਦੇ ਚੁੱਕੇ ਹਨ ਕਿ ਜੈਕਲੀਨ ਬੇਕਸੂਰ ਹੈ। ਸੁਕੇਸ਼ ਨੇ ਅਦਾਲਤ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੈ।