ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਦਾ ਮਾਣਮੱਤਾ ਨਾਂਅ ਬਣਦੇ ਜਾ ਰਹੇ ਹਨ ਨਿਰਦੇਸ਼ਕ ਤਾਜ, ਜੋ ਇੱਕਲੌਤੇ ਅਜਿਹੇ ਨਿਰਦੇਸ਼ਕ ਹਨ, ਜੋ ਲੰਮੇਰੇ ਸਾਲਾਂ ਤੋਂ ਪਾਲੀਵੁੱਡ ਦਾ ਹਿੱਸਾ ਹੋਣ ਦੇ ਬਾਵਜੂਦ ਕਮਰਸ਼ਿਅਲ ਸਿਨੇਮਾ ਸੋਚ ਨੂੰ ਅਪਨਾਉਣੋਂ ਪ੍ਰਹੇਜ਼ ਕਰਦੇ ਆ ਰਹੇ ਹਨ, ਜਿੰਨਾਂ ਵੱਲੋਂ ਨਿਵੇਕਲੀਆਂ ਪਾਈਆਂ ਜਾ ਰਹੀਆਂ ਇੰਨਾਂ ਪੈੜਾਂ ਦਾ ਹੀ ਮੁੜ ਅਹਿਸਾਸ ਅਤੇ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨਾਂ ਦੀ ਬਤੌਰ ਨਿਰਦੇਸ਼ਕ ਨਵੀਂ ਫਿਲਮ, ਜੋ ਨਵੇਂ ਵਰ੍ਹੇ ਦੇ ਆਗਾਜ਼ ਨਾਲ ਹੀ ਆਪਣੇ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।
'ਫਾਇਰ ਮੋਨਿਕਾ ਮਲਟੀ-ਮੀਡੀਆ', 'ਕਮਾਲ ਖਾਨ ਪ੍ਰੋਡੋਕਸ਼ਨ' ਅਤੇ 'ਨਿਸ਼ਾ ਬਾਨੋ ਪ੍ਰੋਡੋਕਸ਼ਨ' ਦੇ ਸੰਯੁਕਤ ਸਹਿ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਨਿਸ਼ਾ ਬਾਨੋ ਅਤੇ ਬੱਬਲ ਰਾਏ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਲੋਇਨਾ ਕੌਰ, ਸੰਜੀਵ ਅਤਰੀ ਆਦਿ ਜਿਹੇ ਕਈ ਮੰਨੇ-ਪ੍ਰਮੰਨੇ ਕਲਾਕਾਰ ਵੀ ਭੂਮਿਕਾਵਾਂ ਅਦਾ ਕਰਦੇ ਨਜ਼ਰੀ ਪੈਣਗੇ।
ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਦੇ ਕਾਰਜਕਾਰੀ ਨਿਰਮਾਤਾ ਤਲਵਿੰਦਰ ਸੱਗੂ ਅਤੇ ਕੁਲਜੀਤ ਪਦਮ ਹਨ, ਜਿੰਨਾਂ ਦੀ ਨਿਰਮਾਣ ਟੀਮ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਪੁਰਾਤਨ ਪੰਜਾਬ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਪੁਰਾਣੇ ਅਤੇ ਅਸਲ ਪੰਜਾਬ ਦੇ ਕਈ ਅਜਿਹੇ ਰੰਗ ਮੁੜ ਵੇਖਣ ਨੂੰ ਮਿਲਣਗੇ ਜੋ ਅਤੀਤ ਦੀਆਂ ਗਹਿਰਾਈਆਂ ਵਿੱਚ ਹੌਲੀ-ਹੌਲੀ ਪੂਰੀ ਤਰਾਂ ਮੱਧਮ ਹੁੰਦੇ ਜਾ ਰਹੇ ਹਨ, ਜਿੰਨਾਂ ਨੂੰ ਇੱਕ ਵਾਰ ਫਿਰ ਜੀਵੰਤ ਕਰੇਗੀ ਇਹ ਅਰਥ ਭਰਪੂਰ ਫਿਲਮ ਜਿਸ ਦੇ ਹੋਰਨਾਂ ਪਹਿਲੂਆਂ ਦੇ ਨਾਲ-ਨਾਲ ਗੀਤ ਸੰਗੀਤ ਪੱਖ ਵੀ ਇਸ ਦੇ ਮੁਹਾਂਦਰੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪਾਲੀਵੁੱਡ ਦੇ ਬੇਹਤਰੀਨ ਅਤੇ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਤਾਜ ਦੇ ਹੁਣ ਤੱਕ ਦੇ ਨਿਰਦੇਸ਼ਨ ਸਫ਼ਰ ਵੱਲ ਝਾਤ ਮਾਰੀਏ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਦੀ ਨਿਰਦੇਸ਼ਿਤ ਕੀਤੀ ਹਰ ਫਿਲਮ ਪਰਿਵਾਰਿਕ ਰਿਸ਼ਤਿਆਂ ਦਾ ਨਿੱਘ ਮਹਿਸੂਸ ਕਰਵਾਉਣ ਅਤੇ ਪੰਜਾਬੀਅਤ ਵੰਨਗੀਆਂ ਦੀ ਪ੍ਰਫੁੱਲਤਾ ਕਰਨ ਵਿੱਚ ਬਾਖੂਬੀ ਸਫ਼ਲ ਰਹੀ ਹੈ, ਜਿੰਨ੍ਹਾਂ ਦੀਆਂ ਹਾਲੀਆਂ ਸਮੇਂ ਦੌਰਾਨ ਸਾਹਮਣੇ ਆਈਆਂ ਅਤੇ ਅਪਾਰ ਸਲਾਹੁਤਾ ਹਾਸਿਲ ਕਰਨ ਵਾਲੀਆਂ ਫਿਲਮਾਂ ਵਿੱਚ 'ਪੇਂਟਰ', 'ਪਿੰਡ ਵਾਲਾ ਸਕੂਲ', 'ਟੈਲੀਵਿਜ਼ਨ' ਆਦਿ ਸ਼ੁਮਾਰ ਰਹੀਆਂ ਹਨ। ਇੰਨਾ ਤੋਂ ਇਲਾਵਾ ਉਨਾਂ ਦੀ ਸੰਪੂਰਨ ਹੋ ਚੁੱਕੀ ਇਕ ਹੋਰ ਫਿਲਮ 'ਲੰਬੜਾਂ ਦਾ ਲਾਣਾ' ਵੀ ਰਿਲੀਜ਼ ਲਈ ਤਿਆਰ ਹੈ।