ਚੰਡੀਗੜ੍ਹ:ਅਗਲੇ ਸਾਲ ਯਾਨੀ ਫ਼ਰਵਰੀ 2023 ਦੇ ਆਖਰੀ ਹਫਤੇ ਸ਼੍ਰੀਗੰਗਾਨਗਰ ਸ਼ਹਿਰ ਵਿੱਚ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਨਾਂ 'ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਸ਼੍ਰੀਗੰਗਾਨਗਰ' ਰੱਖਿਆ ਗਿਆ ਹੈ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸ੍ਰੀਗੰਗਾਨਗਰ ਦੇ ਮੁਖੀ ਡਾਇਰੈਕਟਰ ਦੁਸ਼ਯੰਤ ਅਤੇ ਸੁਭਾਸ਼ ਸਿੰਗਾਠੀਆ ਨੇ ਦੱਸਿਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸ੍ਰੀਗੰਗਾਨਗਰ ਆਪਣੇ ਨਵੇਂ ਅਵਤਾਰ ਦੇ ਰੂਪ ’ਚ ਸ੍ਰੀਗੰਗਾਨਗਰ ਦੇ ਪੰਜਾਬੀ ਇਲਾਕਿਆਂ ਲਈ ਇਕ ਤੋਹਫੇ ਵਰਗੀ ਰੂਹਾਨੀ ਖ਼ੁਸ਼ਬੂ ਲੈ ਕੇ ਆ ਰਿਹਾ ਹੈ। ਇਸ ਕਲਚਰਲ ਇਵੈਂਟ ਨੂੰ ਨਾਂਅ ਦਿੱਤਾ ਗਿਆ ਹੈ ‘ਪੰਜ ਦਰਿਆ ਫਿਲਮ ਫੈਸਟੀਵਲ’।
ਜੀ ਹਾਂ...ਭਾਰਤੀ ਕੈਲੰਡਰ ਦੇ ਬਸੰਤ ਪੰਚਮੀ ਅਤੇ ਅੰਗਰੇਜ਼ੀ ਕੈਲੰਡਰ ਦੇ ਵੈਲੇਨਟਾਈਨ ਨੂੰ ਰਾਜਸਥਾਨ ਦਾ ਸ੍ਰੀਗੰਗਾਨਗਰ ਪੰਜਾਬੀਅਤ ਨਾਲ ਪਿਆਰ ਦੇ ਜਸ਼ਨ ਦੇ ਰੂਪ ’ਚ ਮਨਾਉਣ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਇਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਕਲਾਸੀਕਲ ਪੰਜਾਬੀ ਫਿਲਮਾਂ ਦੇ ਨਾਲ-ਨਾਲ ਨਵੀਆਂ ਚੰਗੀਆਂ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਪੰਜਾਬੀਅਤ ਦੇ ਇਸ ਪਰਵ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਦੀਆਂ ਸਾਂਝੀਆਂ ਭਾਵਨਾਵਾਂ ਦਾ ਰੂਪ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਪੰਜਾਬੀਅਤ ਹੁਣ ਇਕ ਭੂਗੋਲ ਤੱਕ ਸੀਮਿਤ ਨਹੀਂ ਹੈ।