ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲ ਹੋ ਰਹੇ ਦਾਇਰੇ ਅਤੇ ਤਕਨੀਕੀ, ਅਦਾਕਾਰੀ ਪੱਖੋਂ ਵਜੋਂ ਮਾਣਮੱਤਾ ਰੂਪ ਅਖ਼ਤਿਆਰ ਕਰ ਰਹੇ ਮੁਹਾਂਦਰੇ ਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਯੂ.ਕੇ ਅਤੇ ਹੋਰ ਵਿਦੇਸ਼ੀ ਮੁਲਕਾਂ ਵਿਚ ਵਸੇਂਦਾ ਕਰ ਚੁੱਕੇ ਅਤੇ ਉਥੋਂ ਦੇ ਸਿਨੇਮਾ, ਕਲਾ ਕੇਂਦਰਾਂ ਨਾਲ ਜੁੜੇ ਕਲਾਕਾਰਾਂ ਨੂੰ ਆਪਣੇ ਅਸਲ ਸਿਨੇਮਾ ਨਾਲ ਜੋੜਨ ਵੱਲ ਮੁੱਢ ਬੰਨਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਇੰਨ੍ਹੀਂ ਦਿਨ੍ਹੀਂ ਵਿਦੇਸ਼ ਸਬੰਧਤ ਕਈ ਕਲਾਕਾਰ ਇਸ ਸਿਨੇਮਾ ਵੱਲ ਪ੍ਰਭਾਵੀ ਸਰਗਰਮੀ ਵਧਾਉਂਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵਿਚੋਂ ਹੀ ਆਪਣਾ ਨਾਂਅ ਦਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਯੂਐਸਏ ਰਹਿ ਰਹੀ ਪੰਜਾਬੀ ਮੂਲ ਅਦਾਕਾਰਾ ਰੇਖਾ ਪ੍ਰਭਾਕਰ, ਜੋ ਪੰਜਾਬੀ ਸਿਨੇਮਾ ਦਾ ਜਲਦ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ।
ਯੂ.ਐਸ.ਏ ’ਚ ਰਹਿੰਦਿਆਂ ਪੰਜਾਬ ਅਤੇ ਪੰਜਾਬੀਅਤ ਦਾ ਪਾਸਾਰਾ ਕਰਨ ’ਚ ਪਿਛਲੇ ਲੰਮੇਂ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੀ ਇਹ ਹੋਣਹਾਰ ਅਦਾਕਾਰਾ ਅਤੇ ਪੰਜਾਬੀ ਹਸਤੀ ਉਥੇ ਹੋਣ ਵਾਲੇ ਸੱਭਿਆਚਾਰਕ ਅਤੇ ਹਿੰਦੀ, ਪੰਜਾਬੀ ਕਲਾ ਪ੍ਰੋਗਰਾਮਾਂ ਵਿਚ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾਉਣ ਦਾ ਮਾਣ ਹਾਸਿਲ ਕਰ ਰਹੀ ਹੈ।
ਬਾਲੀਵੁੱਡ ਦੀਆਂ ਕਈ ਵੱਡੀਆਂ ਐਡ ਫਿਲਮਾਂ ਅਤੇ ਹਿੰਦੀ ਪ੍ਰੋਜੈਕਟ ਦਾ ਹਿੱਸਾ ਰਹੀ ਇਸ ਅਦਾਕਾਰਾ ਨੇ ਆਪਣੀਆਂ ਨਵੀਂ ਸਿਨੇਮਾ ਯੋਜਨਾਵਾਂ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਕੁਝ ਪਰਿਵਾਰਿਕ ਕਾਰਨਾਂ ਅਤੇ ਅਮਰੀਕਾ ਦੀ ਭੱਜ ਦੌੜ੍ਹ ਭਰੀ ਜਿੰਦਗੀ ਦੇ ਚੱਲਦਿਆਂ ਹਾਲਾਂਕਿ ਪਿਛਲੇ ਲੰਮੇਂ ਸਮੇਂ ਤੋਂ ਸਿਨੇਮਾ ਖੇਤਰ ਤੋਂ ਦੂਰ ਰਹੀ ਹਾਂ, ਪਰ ਕਲਾ ਖਿੱਤੇ ਨਾਲ ਵਾਸਤਾ ਕਦੇ ਵੀ ਨਹੀਂ ਛੁੱਟਿਆ ਅਤੇ ਜਦ ਵੀ ਮੌਕਾ ਮਿਲਦਾ ਰਿਹਾ ਹੈ, ਵੱਧ ਚੜ੍ਹ ਕੇ ਆਪਣੀਆਂ ਅਸਲ ਜੜ੍ਹਾਂ ਨੂੰ ਵਿਦੇਸ਼ੀ ਧਰਤੀ 'ਤੇ ਸੇਜਣ ਵਿਚ ਜੋ ਵੀ ਯੋਗਦਾਨ ਸੰਭਵ ਹੋ ਸਕਿਆ ਹੈ, ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਯੂ.ਐਸ.ਏ ਹੋਣ ਵਾਲੇ ਬਾਲੀਵੁੱਡ ਅਤੇ ਪੰਜਾਬੀ ਲਾਈਵ ਸੋਅਜ਼ ਦੇ ਪ੍ਰਬੰਧਨ ਦਾ ਵੀ ਲੰਮੇਰ੍ਹਾ ਤਜ਼ਰਬਾ ਰੱਖਦੀ ਇਸ ਪ੍ਰਤਿਭਾਵਾਨ ਅਤੇ ਖੂਬਸੂਰਤ ਅਦਾਕਾਰਾ ਨੇ ਦੱਸਿਆ ਕਿ ਸਿਨੇਮਾ ਚਾਹੇ ਉਹ ਹਿੰਦੀ ਹੋਵੇ ਜਾਂ ਫਿਰ ਪੰਜਾਬੀ ਇਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਨਾਤਾ ਹਮੇਸ਼ਾ ਰਿਹਾ ਹੈ, ਫਿਰ ਚਾਹੇ ਉਹ ਪ੍ਰੋਗਰਾਮ ਪ੍ਰਬੰਧਕ ਦੇ ਤੌਰ 'ਤੇ ਹੋਵੇ ਜਾਂ ਜਜਮੈਂਟ ਪੈਨਲ ਦੁਆਰਾ, ਜਿੰਨ੍ਹਾਂ ਦੁਆਰਾ ਆਪਣੇ ਵਜ਼ੂਦ ਨੂੰ ਇਸ ਖਿੱਤੇ ਪ੍ਰਤੀ ਸਮਰਪਿਤ ਰੱਖਣ ਦੀ ਜੀਅ ਜਾਨ ਨਾਲ ਕਵਾਇਦ ਹਾਲੇ ਤੱਕ ਬਾਦਸਤੂਰ ਜਾਰੀ ਹੈ।
ਬਤੌਰ ਅਦਾਕਾਰ ਲੰਮੇਂ ਸਮੇਂ ਦੇ ਠਹਿਰਾਵ ਬਾਅਦ ਇਕ ਵਾਰ ਫਿਰ ਨਵੀਂ ਅਤੇ ਪ੍ਰਭਾਵੀ ਪਾਰੀ ਵੱਲ ਵੱਧ ਚੁੱਕੀ ਇਸ ਅਦਾਕਾਰਾ ਨੇ ਦੱਸਿਆ ਕਿ ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਪੰਜਾਬੀ ਸਿਨੇਮਾ ਵਿਚ ਅਜਿਹੀ ਕਹਾਣੀ ਅਤੇ ਤਕਨੀਕੀ ਮਿਆਰ ਸਥਾਪਿਤ ਨਹੀਂ ਸੀ, ਜਿਸ ਨਾਲ ਇਸ ਸਿਨੇਮਾ ਨਾਲ ਜੁੜਨ ਪ੍ਰਤੀ ਖਿੱਚ ਮਹਿਸੂਸ ਹੋਵੇ, ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਇਸ ਸਿਨੇਮਾ ਨੇ ਹਰ ਪੱਖੋਂ ਮਾਣ ਭਰਿਆ ਰੂਪ ਅਖ਼ਤਿਆਰ ਕੀਤਾ ਹੈ, ਉਸ ਨਾਲ ਕੁਝ ਚੰਗੇਰ੍ਹਾ ਅਤੇ ਪ੍ਰਭਾਵੀ ਕਰਨ ਦੀ ਤਾਂਘ ਰੱਖਦੇ ਹਰ ਕਲਾਕਾਰ ਖਾਸ ਕਰ ਜੋ ਵਿਦੇਸ਼ੀ ਵੱਸਦੇ ਹਨ, ਦੇ ਮਨਾਂ ਵਿਚ ਇਕ ਵਾਰ ਆਪਣੇ ਇਸ ਅਸਲ ਸਿਨੇਮਾ ਨਾਲ ਜੁੜਨ ਦੀ ਤਾਂਘ ਵਧ ਰਹੀ ਹੈ, ਜਿਸ ਮੱਦੇਨਜ਼ਰ ਹੀ ਹੁਣ ਦੁਬਾਰਾ ਇਕ ਹੋਰ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਪਹਿਲੋਂ ਦੀ ਤਰ੍ਹਾਂ ਇਕ ਵਾਰ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਹਾਸਿਲ ਕਰਨ ਵਿਚ ਸਫ਼ਲ ਰਹਾਂਗੀ।