ਫਰੀਦਕੋਟ:ਪੰਜਾਬੀ ਸਿਨੇਮਾਂ ’ਚ ਲੇਖ਼ਕ ਦੇ ਤੌਰ ਤੇ ਸਫ਼ਲ ਮੁਕਾਮ ਅਤੇ ਪਹਿਚਾਣ ਹਾਸਿਲ ਕਰ ਚੁੱਕੇ ਇੰਦਰਪਾਲ ਸਿੰਘ ਹੁਣ ਬਤੌਰ ਨਿਰਦੇਸ਼ਕ ਆਪਣੀ ਨਵੀਂ ਫ਼ਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਹਾਲ ਹੀ ਵਿਚ ਦੇਵ ਖ਼ਰੋੜ ਸਟਾਰਰ ਚਰਚਿਤ ਪੰਜਾਬੀ ਫ਼ਿਲਮ 'ਜ਼ਖਮੀ' ਦਾ ਨਿਰਦੇਸ਼ਨ ਕਰਕੇ ਤਾਰੀਫ਼ਾ ਹਾਸਲ ਕਰ ਚੁੱਕੇ ਇਹ ਹੋਣਹਾਰ ਲੇਖ਼ਕ-ਨਿਰਦੇਸ਼ਕ, ਜਿੰਨ੍ਹਾਂ ਵੱਲੋਂ ਲਿਖ਼ੀਆਂ ਤਕਰੀਬਨ ਸਾਰੀਆਂ ਫ਼ਿਲਮਾਂ ਸਿਨੇਮਾਂ ਤੇ ਕਾਮਯਾਬ ਰਹੀਆਂ ਹਨ। ਇੰਨ੍ਹਾਂ ਫ਼ਿਲਮਾਂ ਵਿਚ ਰੁਪਿਦਰ ਗਾਂਧੀ 2, ਡਾਕੂਆਂ ਦਾ ਮੁੰਡਾ, ਡੀਐਸਪੀ ਦੇਵ, ਜਿੰਦੜ੍ਹੀ, ਬਲੈਕੀਆਂ, ਸ਼ਰੀਕ 2, ਸਿੱਧੂ ਆਫ਼ ਸਾਊਥਹਾਲ ਆਦਿ ਸ਼ਾਮਿਲ ਰਹੀਆਂ ਹਨ।
ਲੇਖ਼ਕ ਇੰਦਰਪਾਲ ਸਿੰਘ ਦਾ ਕਰੀਅਰ:ਸ਼ਹਿਰ ਪਟਿਆਲਾ ਨਾਲ ਸਬੰਧਤ ਲੇਖ਼ਕ ਇੰਦਰਪਾਲ ਸਿੰਘ ਦੇ ਹੁਣ ਤੱਕ ਦੇ ਫ਼ਿਲਮ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਮਿਆਰੀ ਅਤੇ ਅਰਥ-ਭਰਪੂਰ ਸਿਨੇਮਾ ਨੂੰ ਜਿਆਦਾ ਪਹਿਲ ਦਿੱਤੀ ਹੈ। ਇੰਦਰਪਾਲ ਸਿੰਘ ਨਾਲ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਫ਼ਿਲਮ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਫ਼ਿਲਮ ਬਹੁਤ ਹੀ ਭਾਵਪੂਰਨ ਵਿਸ਼ੇ ਅਧਾਰਿਤ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰੇਗੀ। ਜਿਸ ਵਿਚ ਪੁਰਾਤਨ ਵੰਨਗੀਆਂ ਅਤੇ ਵਿਰਸੇ ਦੇ ਅਸਲ ਰੰਗ ਵੇਖਣ ਨੂੰ ਮਿਲਣਗੇ।
ਇਹ ਅਦਾਕਾਰ ਨਿਭਾਉਣਗੇ ਅਹਿਮ ਭੂਮਿਕਾ: ਉਨ੍ਹਾਂ ਦੱਸਿਆ ਕਿ ਜੁਲਾਈ ਅੱਧ ਵਿਚ ਸ਼ੁਰੂ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਅਹਿਮ ਭੂਮਿਕਾ ਪੰਜਾਬੀ ਅਤੇ ਹਿੰਦੀ ਸਿਨੇਮਾਂ ਦੇ ਮੰਨੇ ਪ੍ਰਮੰਨੇ ਅਦਾਕਾਰ ਗੈਵੀ ਚਾਹਲ ਅਦਾ ਕਰਨਗੇ, ਜੋ ਯਾਰਾਂ ਨਾਲ ਬਹਾਰਾਂ, ਮਹਿੰਦੀ ਵਾਲੇ ਹੱਥ, ਮਜਾਜ਼ਣ, ਪਿੰਕੀ ਮੋਗੇ ਵਾਲੀ, ਏਕ ਥਾ ਟਾਈਗਰ, ਸਾਡਾ ਜਵਾਈ ਐਨ ਆਰ ਆਈ, ਟਾਈਗਰ ਜ਼ਿੰਦਾ ਹੈ, ਯਹ ਹੈ ਇੰਡੀਆਂ ਆਦਿ ਜਿਹੀਆਂ ਕਈ ਪੰਜਾਬੀ, ਹਿੰਦੀ ਫ਼ਿਲਮਾਂ ਅਤੇ ਪ੍ਰੋਜੈਕਟਸ ਵਿਚ ਆਪਣੀ ਨਾਯਾਬ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।
ਸ੍ਰੀ ਆਨੰਦਪੁਰ ਸਾਹਿਬ ਸ਼ੂਟ ਕੀਤੀ ਜਾ ਰਹੀ ਇਹ ਫ਼ਿਲਮ:ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਮਨਮੋਹਕ ਇਲਾਕਿਆਂ ਵਿਚ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਦੀ ਕਹਾਣੀ, ਸੰਗੀਤ, ਸਿਨੇਮਾਟੋਗ੍ਰਾਫ਼ੀ ਹਰ ਪੱਖ ਦਰਸ਼ਕਾਂ ਨੂੰ ਤਰੋਤਾਜਗੀ ਦਾ ਅਹਿਸਾਸ ਕਰਵਾਏਗਾ ਅਤੇ ਸਾਡੇ ਗੁਆਚ ਰਹੇ ਰੰਗਲੇ ਪੰਜਾਬ ਅਤੇ ਇਸ ਦਾ ਅਭਿੰਨ ਹਿੱਸਾ ਮੰਨੇ ਜਾਂਦੇ ਮੇਲਿਆਂ, ਰੋਣਕਾਂ ਭਰੇ ਦਿਨ੍ਹਾਂ, ਤਿਓਹਾਰਾਂ ਨੂੰ ਦਿਖਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਦੀ ਅਹਿਮ ਅਦਾਕਾਰਾ ਅਤੇ ਸਪੋਰਟਿੰਗ ਅਦਾਕਾਰਾ ਤੋਂ ਇਲਾਵਾ ਟਾਈਟਲ ਲੁੱਕ ਅਤੇ ਹੋਰਨਾਂ ਪੱਖਾਂ ਦਾ ਰਸਮੀ ਐਲਾਨ ਅਗਲੇ ਦਿਨ੍ਹੀ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਫ਼ਿਲਮ ਦਾ ਸਟਾਰਟ ਟੂ ਫ਼ਿਨਿਸ਼ ਸ਼ੂਟਿੰਗ ਸ਼ਡਿਊਲ ਵੀ ਆਰੰਭ ਕਰ ਦਿੱਤਾ ਜਾਵੇਗਾ।