ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਰੱਖਦੇ ਪ੍ਰਵਾਸੀ ਗਾਇਕ ਸੁਖਸ਼ਿੰਦਰ ਸ਼ਿੰਦਾ (Sukshinder Shinda) ਇੱਕ ਵਾਰ ਆਪਣੀਆਂ ਅਸਲ ਜੜ੍ਹਾਂ ਯਾਨੀ ਕਿ ਪੰਜਾਬ ਵੱਲ ਪਰਤ ਆਏ ਹਨ, ਜੋ ਆਪਣਾ ਨਵਾਂ ਮਿਊਜ਼ਿਕ ਟਰੈਕ 'ਐਂਡ ਲੱਗਦਾ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।
ਉਨ੍ਹਾਂ ਵੱਲੋਂ ਆਪਣੇ ਘਰੇਲੂ ਸੰਗੀਤ ਲੇਬਲ ਸੁਖਸ਼ਿੰਦਰ ਸ਼ਿੰਦਾ (Sukshinder Shinda) ਰਿਕਾਰਡਜ਼ ਅਧੀਨ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਨੂੰ 13 ਅਕਤੂਬਰ ਨੂੰ ਵੱਖ-ਵੱਖ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦਾ ਸੰਗੀਤ ਉਨਾਂ ਦੁਆਰਾ ਖੁਦ ਹੀ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਪ੍ਰੀਤ ਜੱਜ ਨੇ ਲਿਖੇ ਹਨ।
ਇਸੇ ਗਾਣੇ ਦੇ ਹੋਰਨਾਂ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਬਾਕਮਾਲ ਅਤੇ ਉੱਚੀ ਹੇਕ ਰੱਖਦੇ ਸੁਰੀਲੇ ਗਾਇਕ ਨੇ ਦੱਸਿਆ ਕਿ ਨੌਜਵਾਨੀ ਮਨ੍ਹਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਤਕਨੀਕੀ ਪੱਖੋਂ ਬਹੁਤ ਹੀ ਵੱਡੇ ਪੱਧਰ 'ਤੇ ਫ਼ਿਲਮਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਖੂਬਸੂਰਤ ਪੰਜਾਬੀ ਅਦਾਕਾਰਾ ਗੌਹਰ ਢਿੱਲੋਂ ਅਤੇ ਮੇਘਾ ਸ਼ਰਮਾ ਵੀ ਅਹਿਮ ਭੂਮਿਕਾ ਨਿਭਾਉਣਗੀਆਂ, ਜਿੰਨ੍ਹਾਂ ਵੱਲੋਂ ਇਸ ਗਾਣੇ 'ਤੇ ਬੇਹੱਦ ਉਮਦਾ ਫ਼ੀਚਰਿੰਗ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਰਵਿੰਦਰ ਪਿੰਕੂ ਵੱਲੋਂ ਬੇਹੱਦ ਵਿਸ਼ਾਲ ਅਤੇ ਸ਼ਾਨਦਾਰ ਸੈੱਟਸ 'ਤੇ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਵਿੱਚ ਠੇਠ ਦੇਸੀ ਅਤੇ ਆਧੁਨਿਕ ਦੋਨੋਂ ਰੰਗ ਵੇਖਣ ਨੂੰ ਮਿਲਣਗੇ। ਵਿਦੇਸ਼ੀ ਧਰਤੀ ਇੰਗਲੈਂਡ ਵਸੇਂਦਾ ਕਰਦੇ, ਬ੍ਰਿਟਿਸ਼-ਇੰਡੀਅਨ ਭੰਗੜਾ-ਲੋਕ ਗਾਇਕ ਦੇ ਤੌਰ 'ਤੇ ਪ੍ਰਵਾਣਤ ਹੋ ਚੁੱਕੇ ਅਤੇ ਲੰਮੇਰ੍ਹੇ ਸਮੇਂ ਬਾਅਦ ਆਪਣੇ ਵਤਨ ਅਤੇ ਅਸਲ ਜੜ੍ਹਾਂ ਵੱਲ ਪਰਤੇ ਇਸ ਗਾਇਕ ਨੇ ਦੱਸਿਆ ਕਿ ਕੁਝ ਪਰਿਵਾਰ ਰੁਝੇਵਿਆਂ ਅਤੇ ਪ੍ਰੋਫੈਸ਼ਨਲ ਕਮਿਟਮੈਂਟਸ ਦੇ ਚੱਲਦਿਆਂ ਇੱਧਰ ਜਿਆਦਾ ਸਰਗਰਮ ਰਹਿਣਾ ਸੰਭਵ ਨਹੀਂ ਹੋ ਸਕਿਆ, ਪਰ ਹੁਣ ਆਉਣ ਵਾਲੇ ਸਮੇਂ ਉਹ ਆਪਣੀ ਮਿੱਟੀ ਅਤੇ ਇਸ ਨਾਲ ਸਬੰਧਤ ਕਈ ਸੰਗੀਤਕ ਅਤੇ ਫਿਲਮ ਪ੍ਰੋਜੈਕਟਸ਼ ਦਾ ਹਿੱਸਾ ਬਣਦੇ ਰਹਿਣਗੇ।
ਪੁਰਾਤਨ ਪੰਜਾਬ ਨਾਲ ਜੁੜੇ ਗੀਤ-ਸੰਗੀਤ ਨੂੰ ਦੁਨੀਆਂਭਰ ਵਿੱਚ ਪ੍ਰਫੁੱਲਤ ਕਰਨ ਵਿੱਚ ਲਗਾਤਾਰ ਅਹਿਮ ਯੋਗਦਾਨ ਦੇ ਰਹੇ ਇਸ ਬੇਹਤਰੀਨ ਫ਼ਨਕਾਰ ਵੱਲੋਂ ਗਾਏ ਬਹੁਤ ਸਾਰੇ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ‘ਮੁੰਡਾ ਟਰਬਨ ਵਾਲਾ’, ‘ਸੋਹਣੀ ਲੱਗਦੀ’, ‘ਜੱਟ ਕੈਨੇਡਾ ਚੱਲਿਆ’, ‘ਟਾਊਨ ਵਿੱਚ ਗੱਲਾਂ ਹੁੰਦੀਆਂ’, ‘ਪਿਆਰ ਹੋ ਗਿਆ’, ‘ਜੱਟ ਲੰਦਨ’, ‘ਨਾਨਕਾ ਮੇਲ’, ‘ਤੇਰੇ ਨਾਲ ਸਾਹ ਚੱਲਦੇ’ ਆਦਿ ਸ਼ੁਮਾਰ ਰਹੇ ਹਨ।
ਇਸ ਤੋਂ ਇਲਾਵਾ ਉਨਾਂ ਦੀਆਂ ਅਹਿਮ ਪ੍ਰਾਪਤੀਆਂ ਵਿੱਚ ਯੂ.ਕੇ ਏਸ਼ੀਅਨ ਮਿਊਜ਼ਿਕ ਐਵਾਰਡ ਜਿਹੇ ਬੇਸ਼ੁਮਾਰ ਵੱਡੇ ਅਤੇ ਅੰਤਰਰਾਸ਼ਟਰੀ ਮਾਣ ਸਨਮਾਨ ਵੀ ਸ਼ਾਮਿਲ ਰਹੇ ਹਨ।
ਮੂਲ ਰੂਪ ਵਿੱਚ ਦੁਆਬੇ ਦੇ ਹੁਸ਼ਿਆਰਆਰ ਇਲਾਕੇ ਨਾਲ ਸੰਬੰਧਤ ਇਸ ਗਾਇਕ ਨੇ ਦੱਸਿਆ ਕਿ ਉਨਾਂ ਦੀਆਂ ਆਗਾਮੀ ਯੋਜਨਾਵਾਂ ਵਿੱਚ ਬਤੌਰ ਪਲੇ ਬੈਕ ਗਾਇਕ ਅਤੇ ਅਦਾਕਾਰ ਪੰਜਾਬੀ ਸਿਨੇਮਾ ਦਾ ਹਿੱਸਾ ਬਣਨਾ ਵੀ ਸ਼ਾਮਿਲ ਹੈ, ਜਿਸ ਮੱਦੇਨਜ਼ਰ ਸਾਹਮਣੇ ਆ ਰਹੇ ਪ੍ਰਸਤਾਵ 'ਤੇ ਉਹ ਬਹੁਤ ਬਾਰੀਕੀ ਨਾਲ ਧਿਆਨ ਕੇਂਦਰਿਤ ਕਰ ਰਹੇ ਹਨ ਤਾਂ ਕਿ ਕਿਰਦਾਰ ਅਤੇ ਗਾਏ ਜਾਣ ਵਾਲੇ ਅਜਿਹੇ ਗਾਣਿਆ ਦੀ ਚੋਣ ਕੀਤੀ ਜਾ ਸਕੇ, ਜੋ ਉਨਾਂ ਦੀ ਸੋਚ ਅਤੇ ਪੰਜਾਬੀ ਸੱਭਿਆਚਾਰ ਨਾਲ ਮੇਲ ਖਾਂਦੇ ਹੋਣ।