ਚੰਡੀਗੜ੍ਹ:ਕੁਝ ਗਾਇਕ ਇੰਨੇ ਮਸ਼ਹੂਰ ਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਮਰਨ ਤੋਂ ਬਾਅਦ ਸਾਲਾਂ ਤੱਕ ਯਾਦ ਕਰਦੇ ਹਨ। ਉਨ੍ਹਾਂ ਗਾਇਕਾਂ ਵਿੱਚੋਂ ਇੱਕ ਦਾ ਨਾਂ ਅਮਰ ਸਿੰਘ ਚਮਕੀਲਾ ਹੈ। ਜਿਸ ਦੀ ਸਿਰਫ਼ 27 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਮੌਤ ਕਿਸੇ ਬਿਮਾਰੀ ਕਾਰਨ ਨਹੀਂ ਸਗੋਂ ਗੋਲੀ ਲੱਗਣ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ 80 ਦੇ ਦਹਾਕੇ ਵਿਚ ਗਾਇਕੀ ਦੀ ਦੁਨੀਆਂ ਵਿਚ ਕੋਈ ਵੀ ਉਸ ਦੇ ਅੱਗੇ ਟਿਕ ਨਹੀਂ ਸਕਿਆ ਸੀ। ਉਸ ਦੇ ਇੱਕ ਪ੍ਰੋਗਰਾਮ ਵਿੱਚ ਲੱਖਾਂ ਦੀ ਭੀੜ ਹੁੰਦੀ ਸੀ।
ਗਾਇਕ ਚਮਕੀਲਾ ਦਾ ਜਨਮ: ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਪਿੰਡ ਦੁਗਰੀ, ਜ਼ਿਲ੍ਹਾਂ ਲੁਧਿਆਣਾ ਵਿਖੇ ਹੋਇਆ ਸੀ। ਅਮਰ ਸਿੰਘ ਚਮਕੀਲਾ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਸਨ। ਅਮਰ ਸਿੰਘ ਚਮਕੀਲਾ ਦੀ ਮਾਤਾ ਦਾ ਨਾਮ ਕਰਤਾਰ ਕੌਰ ਅਤੇ ਪਿਤਾ ਦਾ ਨਾਮ ਹਰੀ ਸਿੰਘ ਹੈ। ਬਚਪਨ ਦੌਰਾਨ ਅਮਰ ਸਿੰਘ ਚਮਕੀਲਾ ਕੋਲ ਇੰਨੇ ਸਾਧਨ ਨਹੀਂ ਸਨ ਕਿ ਉਹ ਜੀਵਨ ਵਿੱਚ ਕੁਝ ਵੱਡਾ ਕਰਨ ਦੀ ਸੋਚਣ, ਪਰ ਕਿਸਮਤ ਉਸਨੂੰ ਕਿਤੇ ਦੀ ਕਿਤੇ ਲੈ ਗਈ।
ਚਮਕੀਲਾ ਦਾ ਗਾਇਕੀ ਸਫ਼ਰ: ਕੀ ਤੁਸੀਂ ਜਾਣਦੇ ਹੋ ਚਮਕੀਲੇ ਦਾ ਅਸਲੀ ਨਾਂ ਕੀ ਸੀ? ਚਮਕੀਲੇ ਦਾ ਅਸਲੀ ਨਾਂ ਧਨੀ ਰਾਮ ਸੀ। ਚਮਕੀਲਾ ਉਸ ਨੂੰ ਪੰਜਾਬ ਦੇ ਲੋਕਾਂ ਦੁਆਰਾ ਦਿੱਤਾ ਗਿਆ ਨਾਮ ਹੈ, ਜਿਸਦਾ ਅਰਥ ਹੈ ਚਮਕਣ ਵਾਲਾ। ਜਦੋਂ ਅਮਰ ਸਿੰਘ ਚਮਕੀਲਾ ਸਟੇਜ 'ਤੇ ਪੇਸ਼ਕਾਰੀ ਕਰਦਾ ਸੀ ਤਾਂ ਸਾਰੀ ਸਟੇਜ ਤਾੜੀਆਂ ਨਾਲ ਗੂੰਜ ਉਠਦੀ ਸੀ। ਅਮਰ ਸਿੰਘ ਚਮਕੀਲਾ ਨੇ ਸਭ ਤੋਂ ਪਹਿਲਾਂ ਸੁਰਿੰਦਰ ਸੋਨੀਆ ਨਾਲ ਪੇਸ਼ਕਾਰੀ ਕੀਤੀ ਅਤੇ ਸਟੇਜ ਸਾਂਝੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਪਰ ਆਪਸੀ ਝਗੜਿਆਂ ਕਾਰਨ ਸੁਰਿੰਦਰ ਸੋਨੀਆ ਅਤੇ ਅਮਰ ਸਿੰਘ ਚਮਕੀਲਾ ਦੀ ਸਾਂਝ ਬਹੁਤੀ ਦੇਰ ਨਾ ਚੱਲ ਸਕੀ। ਇਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਨੇ ਇਕੱਲੇ ਹੀ ਐਲਬਮ ''ਟਕੂਏ ਤੇ ਟਕੂਆ'' ਰਿਕਾਰਡ ਕਰਵਾਈ। ਅਮਰ ਸਿੰਘ ਚਮਕੀਲਾ ਨੇ 1980 ਦੇ ਦਹਾਕੇ ਵਿੱਚ ਊਸ਼ਾ ਕਿਰਨ ਅਤੇ ਅਮਰ ਨੂਰੀ ਨਾਲ ਵੀ ਥੋੜ੍ਹੇ ਸਮੇਂ ਲਈ ਸਟੇਜ ਸਾਂਝੀ ਕੀਤੀ ਹੈ।