ਮੁੰਬਈ (ਬਿਊਰੋ): 'ਬਿੱਗ ਬੌਸ 13' ਫੇਮ ਜੋੜਾ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਹੁਣ ਰਿਲੇਸ਼ਨਸ਼ਿਪ 'ਚ ਨਹੀਂ ਹਨ। ਬੁੱਧਵਾਰ ਨੂੰ ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਆਸਿਮ ਨਾਲ ਆਪਣੇ ਬ੍ਰੇਕਅੱਪ ਦਾ ਐਲਾਨ ਕੀਤਾ। ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਹਿਮਾਂਸ਼ੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਬ੍ਰੇਕਅੱਪ ਦੇ ਪਿੱਛੇ ਧਾਰਮਿਕ ਮਤਭੇਦਾਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਆਸਿਮ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਇੱਕ ਨੋਟ 'ਚ ਇਕਬਾਲ ਕੀਤਾ ਹੈ ਕਿ ਉਸ ਨੇ ਧਾਰਮਿਕ ਮਾਨਤਾਵਾਂ ਲਈ ਪਿਆਰ ਦੀ ਬਲੀ ਦਿੱਤੀ ਹੈ। ਉਸ ਨੇ ਨੋਟ 'ਚ ਲਿਖਿਆ ਹੈ, 'ਹਾਂ, ਅਸੀਂ ਹੁਣ ਇਕੱਠੇ ਨਹੀਂ ਹਾਂ, ਅਸੀਂ ਜੋ ਵੀ ਸਮਾਂ ਇਕੱਠੇ ਬਿਤਾਇਆ ਹੈ ਉਹ ਬਹੁਤ ਵਧੀਆ ਰਿਹਾ ਹੈ ਪਰ ਹੁਣ ਸਾਡਾ ਇਕੱਠੇ ਹੋਣਾ ਖਤਮ ਹੋ ਗਿਆ ਹੈ। ਸਾਡੇ ਰਿਸ਼ਤੇ ਦਾ ਸਫਰ ਬਹੁਤ ਵਧੀਆ ਰਿਹਾ ਅਤੇ ਅਸੀਂ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਰਹੇ ਹਾਂ। ਆਪੋ-ਆਪਣੇ ਧਰਮਾਂ ਦੇ ਸਤਿਕਾਰ ਦੇ ਨਾਲ, ਅਸੀਂ ਆਪਣੇ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਲਈ ਆਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ।’ ਅਦਾਕਾਰਾ ਨੇ ਸਾਰਿਆਂ ਨੂੰ ਉਹਨਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਲਈ ਵੀ ਕਿਹਾ। ਉਸ ਨੇ ਕਿਹਾ, 'ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਸਨਮਾਨ ਕਰੋ।'