ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਇੰਨ੍ਹੀਂ ਦਿਨ੍ਹੀਂ ਨਵੀਆਂ ਨਵੀਆਂ ਫਿਲਮਾਂ ਦੇ ਲੁੱਕ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜ਼ੋਰ ਫੜ੍ਹਦਾ ਜਾ ਰਿਹਾ ਹੈ, ਜਿਸ ਦੀ ਲੜ੍ਹੀ ਵਜੋਂ ਇੱਕ ਹੋਰ ਫਿਲਮ ‘ਹਾਈ ਸਕੂਲ ਲਵ’ ਦਾ ਵੀ ਮੁਹਾਂਦਰਾ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਈ ਨਵੇਂ ਚਿਹਰੇ ਲੀਡ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
‘ਜੇਐਸ ਮੋਸ਼ਨ ਪਿਕਚਰਜ਼ ਅਤੇ ਇਨ ਐਸੋਸੀਏਸ਼ਨ ਵਿਦ ‘ਬਰਗੋਟਾ ਫਿਲਮਜ਼’ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਜਸਬੀਰ ਰਿਸ਼ੀ ਅਤੇ ਸੱਤਿਆ ਸਿੰਘ ਨੇ ਕੀਤਾ ਹੈ, ਜਦਕਿ ਨਿਰਦੇਸ਼ਨ ਗੌਰਵ ਕੇਆਰ ਬਰਗੋਟਾ ਵੱਲੋਂ ਕੀਤਾ ਗਿਆ ਹੈ।
ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਆਕਾਸ਼ ਭਾਗੜੀਆ, ਨੇਹਾ ਚੌਹਾਨ, ਸਰਿਤਾ ਠਾਕੁਰ, ਸਾਹਿਬ ਸਿੰਘ, ਕੁਲਦੀਪ ਕੌਰ, ਸ਼ਵਿੰਦਰ ਵਿੱਕੀ, ਜਸਬੀਰ ਰਿਸ਼ੀ, ਅਮਾਨ ਬਲ, ਪ੍ਰਦੀਪ ਕੌਰ, ਦਵਿੰਦਰ ਕੁਮਾਰ, ਹੈਪੀ ਸਹੋਤਾ, ਅਮਨ ਰਾਣਾ, ਨਰੇਸ਼ ਨਿੱਕੀ, ਅਰਜੁਨਾ ਭੱਲਾ, ਦਵਿੰਦਰ ਕੁਮਾਰ, ਮਨੀ ਰੋਮਾਣਾ, ਆਰੋਹੀ ਕਵਾਤੜਾ, ਹਰਪ੍ਰੀਤ ਦੁਲੇ, ਅਮਨ ਬਿਸ਼ਨੋਈ, ਪਰਵਿੰਦਰ ਕੌਰ, ਨਰੇਸ਼ ਨਿੱਕੀ ਆਦਿ ਜਿਹੇ ਨਵੇਂ ਅਤੇ ਮੰਝੇ ਹੋਏ ਕਲਾਕਾਰ ਪ੍ਰਮੁੱਖ ਕਿਰਦਾਰਾਂ ਵਿੱਚ ਹਨ।
ਤਰੋ-ਤਾਜ਼ਗੀ ਭਰੇ ਨਿਵੇਕਲੇ ਮੁਹਾਂਦਰੇ ਦਾ ਅਹਿਸਾਸ ਕਰਵਾ ਰਹੀ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦਾ ਖਾਸ ਆਕਰਸ਼ਨ ਇਸ ਦਾ ਤਰੋ-ਤਾਜ਼ਗੀ ਭਰਿਆ ਮੁਹਾਂਦਰਾ ਹੋਵੇਗਾ, ਜੋ ਨੌਜਵਾਨ ਮਨਾਂ ਦੀ ਵੀ ਤਰਜ਼ਮਾਨੀ ਕਰੇਗੀ, ਜਿਸ ਦੀ ਪ੍ਰਭਾਵੀ ਸਟੋਰੀ-ਸਕਰੀਨ ਪਲੇ ਅਤੇ ਡਾਇਲਾਗ ਲੇਖਨ ਸਿੰਮੀਪ੍ਰੀਤ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਅਰਥ-ਭਰਪੂਰ ਲਘੂ ਪੰਜਾਬੀ ਫਿਲਮਾਂ ਦਾ ਲੇਖਨ ਸਫਲਤਾ-ਪੂਰਵਕ ਕਰ ਚੁੱਕੇ ਹਨ।
ਉਕਤ ਫਿਲਮ ਦਾ ਕੰਟੈਂਟ ਬਹੁਤ ਹੀ ਸੰਦੇਸ਼ਮਕ ਅਤੇ ਮੇਨ ਸਟਰੀਮ ਫਿਲਮਾਂ ਤੋਂ ਬਿਲਕੁਲ ਅਲਹਦਾ ਰੱਖਿਆ ਗਿਆ ਹੈ, ਜਿਸ ਵਿੱਚ ਪਿਆਰ, ਸਨੇਹ ਦੇ ਨਾਲ-ਨਾਲ ਨਫ਼ਰਤ ਅਤੇ ਕਲਾਜੀਏਟ ਪੀਰੀਅਡ ਦੌਰਾਨ ਅਪਣਾਈਆਂ ਜਾਣ ਵਾਲੀਆ ਤਿੱਕੜ੍ਹਬਾਜੀਆਂ ਜਿਹੇ ਕਈ ਰੰਗ ਵੇਖਣ ਨੂੰ ਮਿਲਣਗੇ।
ਉਕਤ ਫਿਲਮ ਵਿੱਚ ਮਹੱਤਵਪੂਰਨ ਸਪੋਰਟਿੰਗ ਭੂਮਿਕਾ ਨਿਭਾ ਰਹੀ ਅਤੇ ਪੰਜਾਬੀ ਸਿਨੇਮਾ ਦਾ ਜਾਣਿਆ ਪਛਾਣਿਆ ਚਿਹਰਾ ਬਣ ਚੁੱਕੀ ਕਰੈਕਟਰ ਅਦਾਕਾਰਾ ਕੁਲਦੀਪ ਕੌਰ ਅਸਲ ਜ਼ਿੰਦਗੀ ਵਿਚ ਵੀ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ, ਜੋ ਹਾਲੀਆ ਸਮੇਂ ਸਾਹਮਣੇ ਆਈਆਂ ਕਈ ਲਘੂ ਅਤੇ ਫੀਚਰ ਫਿਲਮਜ਼ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰ ਚੁੱਕੀ ਹੈ।
ਉਕਤ ਫਿਲਮ ਦਾ ਗੀਤ ਅਤੇ ਸੰਗੀਤ ਪੱਖ ਵੀ ਬੜ੍ਹਾ ਉਮਦਾ ਰੱਖਿਆ ਗਿਆ ਹੈ, ਜਿਸ ਵਿੱਚ ਲੋਕ ਸੰਗੀਤ ਦੇ ਰੰਗਾਂ ਦੇ ਨਾਲ-ਨਾਲ ਸਦਾ ਬਹਾਰ ਗਾਇਕੀ ਦੇ ਰੰਗ ਵੀ ਸੁਣਨ ਨੂੰ ਮਿਲਣਗੇ। ਉਕਤ ਫਿਲਮ ਦੇ ਕੈਮਰਾਮੈਨ ਬੂਟਾ ਸਿੰਘ, ਐਡੀਸ਼ਨਲ ਸਕਰੀਨ ਪਲੇ ਅਤੇ ਡਾਇਲਾਗ ਲੇਖਕ ਗੌਰਵ ਕੇਆਰ ਬਰਗੋਟਾ, ਐਡੀਟਰ ਬੀ ਰਾਮਪਾਲ, ਪੋਸਟ ਪ੍ਰੋਡੋਕਸ਼ਨ ਫਰੇਮਕਟ ਸਟੂਡਿਓ, ਕ੍ਰਿਏਟਿਵ ਡਾਇਰੈਕਟਰ ਸਿੰਮੀਪ੍ਰੀਤ ਕੌਰ ਕੋਰਿਓਗ੍ਰਾਫ਼ਰ ਨਿਤਿਨ ਅਰੋੜਾ, ਗੀਤਕਾਰ ਸੰਦੀਪ ਮਾਨ, ਪਿੱਠਵਰਤੀ ਗਾਇਕਾ ਮਨਪ੍ਰੀਤ ਕੌਰ, ਕਾਰਜਕਾਰੀ ਨਿਰਮਾਤਾ ਗੁਰਸਨ ਬਸੰਤ, ਪ੍ਰੋਜੈਕਟ ਕੋਆਰਡੀਨੇਟਰ ਹਰਦੀਪ ਸਿੰਘ, ਮੈਹਲਾ ਪੁੰਨੀ, ਲਾਈਨ ਨਿਰਮਾਤਾ ਬਲਕਰਨ ਸਿੰਘ ਹਨ।