ਮੁੰਬਈ (ਬਿਊਰੋ): ਮਸ਼ਹੂਰ ਅਦਾਕਾਰਾ ਰੇਖਾ ਇਸ ਵਾਰ ਆਪਣਾ 68ਵਾਂ ਜਨਮਦਿਨ ਮਨਾ ਰਹੀ ਹੈ, ਹਮੇਸ਼ਾ ਖੂਬਸੂਰਤ ਅਤੇ ਸਦਾਬਹਾਰ ਦਿਖਣ ਵਾਲੀ ਰੇਖਾ ਦਾ ਪੂਰਾ ਨਾਂ ਭਾਨੂਰੇਖਾ ਗਣੇਸ਼ਨ ਹੈ। ਦਿੱਗਜ ਅਦਾਕਾਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੱਖਣੀ ਫਿਲਮ ਇੰਡਸਟਰੀ ਤੋਂ ਕੀਤੀ ਸੀ। ਬਾਅਦ ਵਿੱਚ ਉਸਨੇ ਹਿੰਦੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਸਫਲ ਅਦਾਕਾਰਾ ਵਜੋਂ ਉਭਰੀ। ਉਸਨੇ ਹਿੰਦੀ ਫਿਲਮ ਉਦਯੋਗ ਨੂੰ ਬਹੁਤ ਸਾਰੀਆਂ ਸਫਲ ਅਤੇ ਪੁਰਸਕਾਰ ਜੇਤੂ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਔਰਤ ਕੇਂਦਰਿਤ ਫਿਲਮਾਂ ਅਤੇ ਐਕਸ਼ਨ ਫਿਲਮਾਂ ਸ਼ਾਮਲ ਹਨ।
ਰੇਖਾ ਦੇ ਕਰੀਅਰ ਦੀਆਂ ਸਰਵੋਤਮ ਫਿਲਮਾਂ:ਰੇਖਾ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਲਈ ਨੈਸ਼ਨਲ ਅਵਾਰਡ ਅਤੇ ਫਿਲਮਫੇਅਰ ਅਵਾਰਡ ਜਿੱਤੇ ਹਨ। ਰੇਖਾ ਨੇ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਸ਼ੁਰੂਆਤ ਫਿਲਮ 'ਸਾਵਨ ਭਾਦੋ' (1970) ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਘਰ' ਅਤੇ 'ਮੁਕੱਦਰ ਕਾ ਸਿਕੰਦਰ' ਵਰਗੀਆਂ ਹਿੱਟ ਫਿਲਮਾਂ ਕੀਤੀਆਂ। ਅਦਾਕਾਰਾ ਨੂੰ ਫਿਲਮ 'ਖੂਬਸੂਰਤ' (1980) ਲਈ ਸਰਵੋਤਮ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਦਿੱਤਾ ਗਿਆ ਸੀ, ਉਸਨੇ 'ਖੂਨ ਭਰੀ ਮਾਂਗ' (1988) ਲਈ ਦੂਜਾ ਫਿਲਮਫੇਅਰ ਜਿੱਤਿਆ।
ਰੇਖਾ ਨੇ ਕਲਾਸਿਕ ਫਿਲਮ 'ਉਮਰਾਓ ਜਾਨ' 1981 ਵਿੱਚ ਕੰਮ ਕੀਤਾ, ਜਿਸ ਲਈ ਉਸਨੂੰ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। 'ਬਸੇਰਾ', 'ਏਕ ਹੀ ਭੂਲ', 'ਜੀਵਨ ਧਾਰਾ', 'ਕਲਯੁਗ', 'ਵਿਜੇਤਾ', 'ਉਤਸਵ', 'ਖਿਲਾੜੀਓ ਕਾ ਖਿਲਾੜੀ', 'ਲੱਜਾ', 'ਕੋਈ ਮਿਲ ਗਿਆ', 'ਕ੍ਰਿਸ਼' ਉਸ ਦੀਆਂ ਕੁਝ ਬਿਹਤਰੀਨ ਫਿਲਮਾਂ ਹਨ।
ਰੇਖਾ ਅਕਸਰ ਆਪਣੇ ਕਰੀਅਰ ਨਾਲੋਂ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਲਾਈਮਲਾਈਟ 'ਚ ਰਹੀ ਹੈ। ਜਦੋਂ ਰੇਖਾ ਦੀ ਗੱਲ ਹੁੰਦੀ ਹੈ ਤਾਂ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦਾ ਜ਼ਿਕਰ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਫਿਲਮਾਂ ਵਿੱਚ ਅਮਿਤਾਭ ਅਤੇ ਰੇਖਾ ਦੀ ਜੋੜੀ ਹਿੱਟ ਰਹੀ ਸੀ। ਖਾਸ ਕਰ ਫਿਲਮ ਸਿਲਸਿਲਾ (1981) ਤੋਂ ਬਾਅਦ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਫਿਲਮ 'ਚ ਜਯਾ ਭਾਦੁੜੀ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਰੇਖਾ ਨੇ 1990 'ਚ ਅਦਾਕਾਰ ਤੇ ਉਦਯੋਗਪਤੀ ਮੁਕੇਸ਼ ਅਗਵਾਲ ਨਾਲ ਵਿਆਹ ਕੀਤਾ ਸੀ, ਜਿਨ੍ਹਾਂ ਨੇ ਵਿਆਹ ਦੇ 9 ਮਹੀਨੇ ਬਾਅਦ ਖੁਦਕੁਸ਼ੀ ਕਰ ਲਈ ਸੀ।
ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਪਰਦੇ 'ਤੇ ਆਪਣੀ ਰੰਗੀਨ ਅਦਾਕਾਰੀ ਨਾਲ ਚਮਕਾਉਣ ਵਾਲੀ ਰੇਖਾ ਦੀ ਅਸਲ ਜ਼ਿੰਦਗੀ ਬਲੈਕ ਐਂਡ ਵ੍ਹਾਈਟ ਫਿਲਮ ਵਰਗੀ ਰਹੀ ਹੈ। ਪਰ ਅੱਜ ਵੀ ਰੇਖਾ ਆਪਣੀ ਖੂਬਸੂਰਤ ਅਦਾਕਾਰੀ ਅਤੇ ਸਦਾਬਹਾਰ ਮੁਸਕਰਾਹਟ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।